ਜਿੰਮ ਟ੍ਰੇਨਰ ਕਤਲ ਮਾਮਲਾ : ਵਾਰਦਾਤ ਚ ਸ਼ਾਮਲ 4 ਸ਼ੱਕੀ ਗ੍ਰਿਫ਼ਤਾਰ
Friday, Mar 28, 2025 - 02:41 PM (IST)

ਖਰੜ (ਰਣਬੀਰ) : ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ ਖਰੜ ਦੀ ਸ਼ਿਵਜੋਤ ਇਨਕਲੇਵ ਮਾਰਕਿਟ ਦੇ ਅੰਦਰ ਜਿੰਮ ਟ੍ਰੇਨਰ ਇਕ ਨੌਜਵਾਨ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਪੁਲਸ ਨੇ ਦਾਅਵਾ ਕੀਤਾ ਹੈ। ਪੰਜਾਬ ਪੁਲਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਹਿਮਾਚਲ ਪੁਲਸ ਦੀ ਮਦਦ ਨਾਲ 4 ਸ਼ੱਕੀ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਪ੍ਰਿੰਸ, ਓਂਕਾਰ, ਅਮ੍ਰਿਤ,ਕਾਲੂ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਕੋਲੋਂ 2 ਪਿਸਤੌਲ 0.32 ਬੋਰ, 10 ਕਾਰਤੂਸਾਂ ਸਮੇਤ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਉਕਤ ਦੋਸ਼ੀ ਕਥਿਤ ਤੌਰ 'ਤੇ ਹਰਪ੍ਰੀਤ ਹੈਪੀ ਗੈਂਗ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਦੋਸ਼ੀਆਂ ਨੂੰ ਕਾਬੂ ਕੀਤੇ ਜਾਣ ਮਗਰੋਂ ਆਰੰਭੀ ਗਈ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਮੁਲਜ਼ਮ ਵਿਦੇਸ਼ ‘ਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ 'ਤੇ ਕੰਮ ਕਰਦੇ ਸਨ।
ਉਨ੍ਹਾਂ ਨੂੰ ਪੰਜਾਬ ‘ਚ ਨਿਸ਼ਾਨਾ ਬਣਾਉਣ ਵਾਲੀਆਂ ਹੱਤਿਆਵਾਂ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ। ਇਨ੍ਹਾਂ ‘ਤੇ ਪਹਿਲਾਂ ਵੀ ਕਤਲ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਕਈ ਕੇਸ ਦਰਜ ਹਨ। ਪੁਲਸ ਹੁਣ ਇਹ ਪਤਾ ਲਗਾ ਰਹੀ ਹੈ ਕਿ ਇਹ ਗੈਂਗ ਹੋਰ ਕਿਹੜੀਆਂ ਵਾਰਦਾਤਾਂ ਵਿੱਚ ਸ਼ਾਮਲ ਸੀ। ਜ਼ਿਕਰਯੋਗ ਹੈ ਬੀਤੀ 31 ਜਨਵਰੀ ਦੀ ਰਾਤ, ਜਦੋਂ ਗੁਰਪ੍ਰੀਤ ਆਪਣੇ ਦੋਸਤ ਦੇ ਨਾਲ ਖਰੜ ਦੇ ਸ਼ਿਵਜੋਤ ਐਨਕਲੇਵ ਮਾਰਕੀਟ ‘ਚ ਪੁੱਜਾ ਸੀ ਤਾਂ ਉੱਥੇ ਹੀ ਕੁੱਝ ਹੋਰ ਨੌਜਵਾਨਾਂ ਨਾਲ ਉਸ ਦੀ ਛੋੜੀ ਬਹੁਤ ਕਹਾ ਸੁਣੀ ਹੋ ਗਈ ਸੀ।
ਇਹ ਬਹਿਸ ਝਗੜੇ ਵਿੱਚ ਬਦਲ ਗਈ ਅਤੇ ਉਕਤ ਨੌਜਵਾਨਾਂ ਨੇ ਗੁਰਪ੍ਰੀਤ ਨੂੰ ਮੌਤ ਦੇ ਘਾਟ ਉਤਾਰ ਮੌਕੇ ਤੋਂ ਫ਼ਰਾਰ ਹੋ ਗਏ ਸਨ। ਮ੍ਰਿਤਕ ਗੁਰਪ੍ਰੀਤ ਪਹਿਲਾਂ ਕਬੱਡੀ ਖਿਡਾਰੀ ਵੀ ਰਿਹਾ ਸੀ, ਜਿਸ ਕਰਕੇ ਉਸਦੀ ਕੁਝ ਗਰੁੱਪਾਂ ਨਾਲ ਪੁਰਾਣੀ ਰੰਜ਼ਿਸ਼ ਹੋਣ ਦੀ ਵੀ ਸੰਭਾਵਨਾ ਹੈ। ਪੁਲਸ ਵਲੋਂ ਇਸ ਸਬੰਧ 'ਚ ਮੁਕੱਦਮਾ ਦਰਜ ਕਰ ਵਾਰਦਾਤ ਵਾਲੀ ਥਾਂ ਦੇ ਨੇੜੇ ਸੀ. ਸੀ. ਟੀ. ਵੀ. ਫੁਟੇਜ, ਫੋਨ ਕਾਲ ਡਾਟਾ, ਅਤੇ ਹੋਰ ਤਕਨੀਕੀ ਸਬੂਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕੀਤੀ ਤਾਂ ਇਸ ਵਾਰਦਾਤ ਨਾਲ ਜੁੜੇ ਸਾਰੇ ਤਾਰ ਅੱਗੇ ਤੋਂ ਅੱਗੇ ਜੁੜਦੇ ਗਏ, ਜਿਸ ਦੇ ਚੱਲਦਿਆਂ ਪੁਲਸ ਵਲੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਜਿਨ੍ਹਾਂ ਨੂੰ ਕਾਬੂ ਕਰ ਖਰੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਦਾ ਚਾਰ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਪੁਲਸ ਵੱਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।