ਮੋਹਾਲੀ : 3 ਦਿਨਾਂ ਤੋਂ ਲਾਪਤਾ 4 ਸਹੇਲੀਆਂ ਦਾ ਕੋਈ ਸੁਰਾਗ ਨਾ ਲੱਗਾ

Sunday, Feb 18, 2018 - 02:26 PM (IST)

ਮੋਹਾਲੀ (ਰਾਣਾ) : ਮਟੌਰ ਥਾਣਾ ਆਏ ਦਿਨ ਸੁਰਖੀਆਂ ਵਿਚ ਹੀ ਰਹਿਣ ਲੱਗਾ ਹੈ। ਕਦੇ ਫਾਰਚੂਨਰ ਕਾਰ ਨੂੰ ਲੁੱਟਣ ਵਾਲੇ ਮੁਲਜ਼ਮਾਂ ਨੂੰ ਉਸ ਦੇ ਏਰੀਏ ਤੋਂ ਸੀ. ਆਈ. ਏ. ਸਟਾਫ ਵਲੋਂ ਦਬੋਚੇ ਜਾਣ ਦੇ ਮਾਮਲੇ ਵਿਚ ਤਾਂ ਕਦੇ ਚੋਰੀ ਦੀਆਂ ਵਾਰਦਾਤਾਂ ਵਿਚ ਪਰ ਹੁਣ ਇਸ ਏਰੀਏ ਤੋਂ 4 ਸਕੂਲ ਵਿਦਿਅਰਥਣਾਂ 3 ਦਿਨਾਂ ਤੋਂ ਲਾਪਤਾ ਹਨ । ਉਥੇ ਹੀ ਪੁਲਸ ਵੀ ਅਜੇ ਤਕ ਉਨ੍ਹਾਂ ਦਾ ਸੁਰਾਗ ਤਕ ਲਾਉਣ ਵਿਚ ਨਾਕਾਮ ਸਾਬਿਤ ਹੋਈ ਹੈ । ਫੇਜ਼-8 ਥਾਣੇ ਦੇ ਏਰੀਏ ਤੋਂ ਵੀ ਇਕ ਨਾਬਾਲਗਾ ਲਾਪਤਾ ਹੋਈ ਸੀ, ਜਿਸ ਦੀ ਕੁਝ ਦਿਨਾਂ ਬਾਅਦ ਸੈਕਟਰ-69 ਦੇ ਜੰਗਲ ਵਿਚੋਂ ਲਾਸ਼ ਮਿਲੀ ਸੀ।  
ਅਣਸੁਖਾਵੀਂ ਘਟਨਾ ਤੋਂ ਘਬਰਾ ਰਹੇ ਹਨ ਪਰਿਵਾਰ ਵਾਲੇ
ਲਾਪਤਾ ਹੋਈਆਂ ਵਿਦਿਆਰਥਣਾਂ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਉਹ ਇਹ ਸੋਚ ਕੇ ਰੋ ਰਹੇ ਹਨ ਕਿ ਕਿਤੇ ਉਨ੍ਹਾਂ ਦੀਆਂ ਬੱਚੀਆਂ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਉਹ ਆਪਣੇ ਤੌਰ 'ਤੇ ਵੀ ਆਪਣੀਆਂ ਬੱਚੀਆਂ ਦਾ ਪਤਾ ਲਾਉਣ ਵਿਚ ਲੱਗੇ ਹੋਏ ਹਨ । ਮਟੌਰ ਪੁਲਸ ਨੂੰ ਸੁਸ਼ੀਲ ਕੁਮਾਰ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਭੈਣ ਬਬੀਤਾ (13), ਪੂਜਾ (13), ਪਿੰਕੀ (14) ਤੇ ਰੀਨੂ (13) ਵੀਰਵਾਰ ਤੋਂ ਲਾਪਤਾ ਹਨ । ਸੁਸ਼ੀਲ ਨੇ ਕਿਹਾ ਕਿ ਅਜੇ ਤਕ ਉਸ ਦੀ ਭੈਣ ਦਾ ਕੁਝ ਪਤਾ ਨਹੀਂ ਲੱਗਾ ਕਿ ਉਹ ਕਿਥੇ ਹੈ। ਉਨ੍ਹਾਂ ਪੁਲਸ ਤੋਂ ਵੀ ਪੁੱਛਿਆ ਪਰ ਕੋਈ ਜਵਾਬ ਨਹੀਂ ਮਿਲਿਆ । ਪਤਾ ਲੱਗਾ ਹੈ ਕਿ ਚਾਰੋਂ ਲੜਕੀਆਂ ਵਿਚੋਂ ਇਕ ਕੋਲ ਮੋਬਾਇਲ ਫੋਨ ਸੀ ਪਰ ਉਹ ਵੀ ਲਾਪਤਾ ਹੋਣ ਤੋਂ ਕੁਝ ਸਮੇਂ ਬਾਅਦ ਹੀ ਬੰਦ ਹੋ ਗਿਆ ਸੀ। ਪੁਲਸ ਅਜੇ ਤਕ ਲੜਕੀਆਂ ਦੇ ਮੋਬਾਇਲਾਂ ਦੀ ਲੋਕੇਸ਼ਨ ਤਕ ਪਤਾ ਨਹੀਂ ਕਰ ਸਕੀ।
ਦੋ ਲੜਕੀਆਂ 'ਤੇ ਸ਼ੱਕ, ਉਨ੍ਹਾਂ ਬਾਰੇ ਵੀ ਕੁਝ ਪਤਾ ਨਹੀਂ
ਸੁਸ਼ੀਲ ਨੇ ਕਿਹਾ ਕਿ ਉਸ ਦੀ ਭੈਣ ਤੇ ਪਿੰਕੀ ਸੈਕਟਰ-70 ਦੇ ਸਕੂਲ ਵਿਚ 7ਵੀਂ ਤੇ 8ਵੀਂ ਵਿਚ ਪੜ੍ਹਦੀਆਂ ਹਨ, ਜਦੋਂਕਿ ਦੋ ਲੜਕੀਆਂ ਘਰ ਵਿਚ ਰਹਿੰਦੀਆਂ ਹਨ । ਵੀਰਵਾਰ ਨੂੰ 12 ਵਜੇ ਲੜਕੀਆਂ ਘਰੋਂ ਨਿਕਲੀਆਂ ਪਰ ਵਾਪਸ ਨਹੀਂ ਆਈਆਂ। ਕਾਫੀ ਲੱਭਣ 'ਤੇ ਵੀ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ । ਉਸਨੇ ਕਿਹਾ ਕਿ ਦੋ ਲੜਕੇ ਵੀ ਗਾਇਬ ਹਨ । ਗਾਇਬ ਹੋਏ ਲੜਕਿਆਂ ਵਿਚੋਂ ਇਕ ਦੀ ਗਾਇਬ ਹੋਈ ਲੜਕੀ ਨਾਲ ਦੋਸਤੀ ਸੀ, ਉਹ ਇਕ ਪਿਜ਼ਾ ਕੰਪਨੀ ਵਿਚ ਕੰਮ ਕਰਦਾ ਸੀ । ਉਸ ਨੇ ਆਪਣੀ ਸਹੇਲੀ ਨੂੰ ਫੋਨ ਕਰਕੇ ਪਿਜ਼ਾ ਖਾਣ ਲਈ ਬੁਲਾਇਆ ਸੀ । ਇਸ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਪਿਜ਼ਾ ਕੰਪਨੀ ਵਿਚ ਵੀ ਗਏ ਸਨ ਪਰ ਪਤਾ ਲੱਗਾ ਹੈ ਕਿ ਲੜਕਾ ਉਥੇ ਦੋ-ਤਿੰਨ ਦਿਨਾਂ ਤੋਂ ਨਹੀਂ ਆ ਰਿਹਾ ।


Related News