ਲੁਧਿਆਣਾ 'ਚ 'ਡੇਂਗੂ' ਦੇ 4 ਮਰੀਜ਼ਾਂ ਦੀ ਮੌਤ, ਚੰਡੀਗੜ੍ਹ ਭੇਜੀ ਗਈ ਰਿਪੋਰਟ

Tuesday, Dec 06, 2022 - 03:31 PM (IST)

ਲੁਧਿਆਣਾ 'ਚ 'ਡੇਂਗੂ' ਦੇ 4 ਮਰੀਜ਼ਾਂ ਦੀ ਮੌਤ, ਚੰਡੀਗੜ੍ਹ ਭੇਜੀ ਗਈ ਰਿਪੋਰਟ

ਲੁਧਿਆਣਾ (ਸਹਿਗਲ) : ਸਥਾਨਕ ਹਸਪਾਤਲਾਂ 'ਚ ਡੇਂਗੂ ਦੇ 4 ਹੋਰ ਮਰੀਜ਼ਾਂ ਦੀ ਮੌਤ ਪਿਛਲੇ ਕੁੱਝ ਦਿਨਾਂ 'ਚ ਹੋਈ ਹੈ। ਸਿਹਤ ਵਿਭਾਗ ਨੇ ਇਸ ਦੀ ਰਿਪੋਰਟ ਡੇਂਗੂ ਡੈੱਥ ਰਿਵਿਊ ਕਮੇਟੀ ਚੰਡੀਗੜ੍ਹ ਨੂੰ ਭੇਜੀ ਹੈ। ਚੰਡੀਗੜ੍ਹ ਤੋਂ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਲਗਭਗ ਡੇਂਗੂ ਦੇ 12 ਮ੍ਰਿਤਕ ਮਰੀਜ਼ਾਂ ਦੀ ਰਿਪੋਰਟ ਕਮੇਟੀ ਕੋਲ ਪੁੱਜੀ ਹੈ, ਜੋ ਲੁਧਿਆਣਾ ਦੇ ਹਸਪਤਾਲਾਂ ’ਚ ਜ਼ੇਰੇ ਇਲਾਜ ਸਨ। ਕਮੇਟੀ ਵੱਲੋਂ ਮਰੀਜ਼ਾਂ ਦੇ ਰਿਕਾਰਡ ਮੁਤਾਬਕ ਮੌਤ ਦੇ ਕਾਰਨਾਂ ਦੀ ਸਮੀਖਿਆ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ, ਖ਼ੁਫ਼ੀਆ ਇਨਪੁੱਟ ਮਗਰੋਂ ਹਾਈ ਅਲਰਟ 'ਤੇ ਪੁਲਸ (ਤਸਵੀਰਾਂ)

ਇਸ ਤੋਂ ਬਾਅਦ ਉਸ ਨੂੰ ਕਨਫਰਮ ਕੀਤਾ ਜਾਵੇਗਾ ਕਿ ਮ੍ਰਿਤਕ ਮਰੀਜ਼ ਦੀ ਮੌਤ ਦਾ ਕਾਰਨ ਡੇਂਗੂ ਹੀ ਸੀ। ਦੂਜੇ ਪਾਸੇ ਪਿਛਲੇ 48 ਘੰਟਿਆਂ 'ਚ ਡੇਂਗੂ ਦੇ 64 ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਕੋਲ 10 ਮਰੀਜ਼ਾਂ 'ਚ ਡੇਂਗੂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ 10 ਮਰੀਜ਼ਾਂ 'ਚ 4 ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਜ਼ਿਲ੍ਹੇ ਦੇ 42 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ, ਜਦੋਂ ਕਿ ਇਸੇ ਸ਼੍ਰੇਣੀ ਦੇ 12 ਮਰੀਜ਼ ਦੂਜੇ ਜ਼ਿਲ੍ਹਿਆਂ ਆਦਿ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਲਾਈ ਫਟਕਾਰ ਮਗਰੋਂ ਡਿਪੂ ਹੋਲਡਰਾਂ ਨੂੰ ਮਿਲੀ ਵੱਡੀ ਰਾਹਤ

ਮਹਾਨਗਰ ਦੇ ਹਸਪਤਾਲਾਂ 'ਚ ਹੁਣ ਤੱਕ 1807 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 1047 ਮਰੀਜ਼ ਜ਼ਿਲ੍ਹੇ ਦੇ, ਜਦੋਂਕਿ 760 ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਸਿਹਤ ਅਧਿਕਾਰੀਆਂ ਮੁਤਾਬਕ ਜ਼ਿਲ੍ਹ 'ਚ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ 'ਚ 785 ਮਰੀਜ਼ ਸ਼ਹਿਰੀ ਇਲਾਕਿਆਂ ਦੇ ਰਹਿਣ ਵਾਲੇ ਹਨ, ਜਦੋਂਕਿ 262 ਪੇਂਡੂ ਖੇਤਰਾਂ ਨਾਲ ਸਬੰਧਿਤ ਹਨ। ਜ਼ਿਲ੍ਹਾ ਐਪੀਡਿਮੋਲੋਜਿਸਟ ਡਾਕਟਰ ਰਮਨਪ੍ਰੀਤ ਕੌਰ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਡੇਂਗੂ ਦੇ ਮਰੀਜ਼ਾਂ ’ਚ ਪਹਿਲਾਂ ਨਾਲੋਂ ਕਮੀ ਆਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News