4 ਦਿਨ ਪਹਿਲਾਂ ਦਰਿਆ 'ਚ ਡੁੱਬੇ ਕਾਦੀਆਂ ਦੇ ਨੌਜਵਾਨ ਦੀ ਮਿਲੀ ਲਾਸ਼

Friday, Jun 30, 2017 - 03:53 PM (IST)

ਕਾਦੀਆਂ - ਪਿੰਡ ਨੌਸ਼ਹਿਰਾ ਪੱਤਣ ਕੋਲ ਸਥਿਤ ਸ਼ਾਲਾ ਦਰਿਆ 'ਚ ਡੁੱਬੇ ਕਾਦੀਆਂ ਵਾਸੀ ਇਕ ਨੌਜਵਾਨ ਦੀ ਵੀਰਵਾਰ ਦਰਿਆ 'ਚੋਂ ਲਾਸ਼ ਮਿਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਰੁਣ ਦੇ ਪਿਤਾ ਮੋਹਨ ਲਾਲ, ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਬੀਤੇ ਐਤਵਾਰ ਨੂੰ ਉਸ ਦਾ ਲੜਕਾ ਅਰੁਣ ਅਤੇ ਪੱਲਵ ਖੋਸਲਾ ਆਪਣੇ ਨਾਨਕੇ ਮਾਮੇ ਦੇ ਲੜਕੇ ਇੰਦਰ ਨੂੰ ਛੱਡਣ ਗਏ ਸੀ ਅਤੇ ਸੋਮਵਾਰ ਨੂੰ ਸਵੇਰੇ ਆਪਣੇ ਨਾਨਾ ਜੈਮਸ ਮਸੀਹ ਨੂੰ ਚਾਹ ਦੇਣ ਤੋਂ ਬਾਅਦ ਸ਼ਾਲਾ ਦਰਿਆ 'ਚ ਨਹਾਉਣ ਲਈ ਚਲੇ ਗਏ। ਉਥੇ ਅਰੁਣ ਨਹਾਉਣ ਸਮੇਂ ਦਰਿਆ 'ਚ ਡੁੱਬ ਗਿਆ। ਇਸ ਗੱਲ ਦੀ ਖਬਰ ਨੇੜੇ ਪਿੰਡਾਂ 'ਚ ਅੱਗ ਦੀ ਤਰ੍ਹਾਂ ਫੈਲ ਗਈ।
ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਸੋਮਵਾਰ ਸ਼ਾਮ ਨੂੰ ਘਟਨਾ ਸਥਾਨ 'ਤੇ ਪਹੁੰਚਿਆ ਪਰ ਲੜਕੇ ਨੂੰ ਲੱਭਣ ਦੀ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਅਗਲੇ ਦਿਨ ਮੰਗਲਵਾਰ ਨੂੰ ਜਲੰਧਰ ਤੋਂ ਗੋਤਾਖੋਰ ਟੀਮ ਕਰੀਬ 4 ਵਜੇ ਦਰਿਆ 'ਤੇ ਪਹੁੰਚੀ ਅਤੇ ਉਨ੍ਹਾਂ ਨੇ ਭਾਲ ਸ਼ੁਰੂ ਕੀਤੀ ਪਰ ਉਨ੍ਹਾਂ ਦੇ ਹੱਥ ਸਫਲਤਾ ਨਹੀਂ ਲਗ ਸਕੀ। ਬੁੱਧਵਾਰ ਨੂੰ ਵੀ ਤਲਾਸ਼ੀ ਮੁਹਿੰਮ ਚਲਾਈ ਪਰ ਪ੍ਰਸ਼ਾਸਨ ਦੇ ਹੱਥ ਕੁਝ ਨਹੀਂ ਲੱਗਾ। ਉਨ੍ਹਾਂ ਦਾ ਲੜਕਾ 4 ਦਿਨ ਤੋਂ ਲਾਪਤਾ ਹੋਣ ਨਾਲ ਉਨ੍ਹਾਂ ਦੀ ਦਸ਼ਾ ਬਹੁਤ ਹੀ ਖਰਾਬ ਹੋ ਗਈ। ਵੀਰਵਾਰ ਦੇਰ ਸ਼ਾਮ ਨੂੰ ਮਿਲੀ ਜਾਣਕਾਰੀ ਮੁਤਾਬਕ ਅਰੁਣ ਖੋਸਲਾ ਦੀ ਲਾਸ਼ ਧਨੋਆ ਪੱਤਣ ਤੋਂ ਮਿਲ ਗਈ ਹੈ। ਉਨ੍ਹਾਂ ਜ਼ਿਲਾ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਜੇਕਰ ਸਮੇਂ 'ਤੇ ਪ੍ਰਸ਼ਾਸਨਿਕ ਕਾਰਵਾਈ ਹੋਈ ਹੁੰਦੀ ਤਾਂ ਸ਼ਾਇਦ ਅਰੁਣ ਹੁਣ ਤੱਕ ਮਿਲ ਚੁੱਕਿਆ ਹੁੰਦਾ।


Related News