ਪੰਜਾਬ ਸਮੇਤ 5 ਸੂਬਿਆਂ ’ਚ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ 4 ਗ੍ਰਿਫ਼ਤਾਰ

01/17/2023 9:55:20 AM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਗਣਤੰਤਰ ਦਿਹਾੜੇ ਤੋਂ ਪਹਿਲਾਂ ਸ਼ਹਿਰ ’ਚ 2 ਅੰਤਰ-ਰਾਜੀ ਨਾਜਾਇਜ਼ ਹਥਿਆਰ ਗਿਰੋਹ ਦਾ ਪਰਦਾਫਾਸ਼ ਕਰ ਕੇ 4 ਹਥਿਆਰ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਦੇ ਰਹਿਣ ਵਾਲੇ ਰੋਹਿਤ ਕੁਮਾਰ (26), ਪਵਨ ਕੁਮਾਰ (28), ਸੰਨੀ (21) ਅਤੇ ਹਰਸ਼ਦੀਪ (19) 4 ਸਾਲਾਂ ਤੋਂ ਵੱਧ ਸਮੇਂ ਤੋਂ ਹਥਿਆਰਾਂ ਦੀ ਸਮੱਗਲਿੰਗ ’ਚ ਸ਼ਾਮਲ ਹਨ ਤੇ ਉਨ੍ਹਾਂ ਕੋਲੋਂ 18 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਭਾਰਤੀ ਫ਼ੌਜ ਦੇ ਹੌਂਸਲੇ ਨੂੰ ਸਲਾਮ, ਬਰਫ਼ਬਾਰੀ 'ਚ 14 ਕਿਲੋਮੀਟਰ ਤੁਰ ਕੇ ਗਰਭਵਤੀ ਔਰਤ ਨੂੰ ਪਹੁੰਚਾਇਆ ਹਸਪਤਾਲ

ਪੁਲਸ ਨੇ ਕਿਹਾ ਕਿ ਦੋਸ਼ੀਆਂ ਨੇ ਹਥਿਆਰਾਂ ਨੂੰ ਮੱਧ ਪ੍ਰਦੇਸ਼ ਤੋਂ ਮੰਗਵਾਇਆ ਹੈ ਅਤੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.), ਪੰਜਾਬ, ਹਰਿਆਣਾ, ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ’ਚ ਇਨ੍ਹਾਂ ਨੂੰ ਵੇਚਿਆ ਜਾਣਾ ਸੀ। ਵਧੀਕ ਪੁਲਸ ਕਮਿਸ਼ਨਰ ਪੀ. ਐੱਸ. ਕੁਸ਼ਵਾਹਾ ਨੇ ਕਿਹਾ ਕਿ 13 ਜਨਵਰੀ ਨੂੰ ਇਕ ਵਿਸ਼ੇਸ਼ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ 3 ਦੋਸ਼ੀਆਂ ਰੋਹਿਤ, ਪਵਨ ਅਤੇ ਹਰਸ਼ਦੀਪ ਨੂੰ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਦੇ ਆਟੋ ਸਟੈਂਡ ਕੋਲ ਬਾਰਾਪੁਲਾ ਰੋਡ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦ ਉਹ ਹਥਿਆਰਾਂ ਦਾ ਲੈਣ-ਦੇਣ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਚੌਥੇ ਦੋਸ਼ੀ ਹਰਸ਼ਦੀਪ ਦੇ ਆਕਾ ਸੰਨੀ ਨੂੰ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਕੁਸ਼ਵਾਹਾ ਨੇ ਕਿਹਾ ਕਿ ਗ੍ਰਿਫਤਾਰ ਮੁਲਜ਼ਮਾਂ ਨੂੰ ਮੱਧ ਪ੍ਰਦੇਸ਼ ਦੇ ਸੇਂਧਵਾ ਅਤੇ ਬੁਰਹਾਨਪੁਰ ਦੇ 2 ਹਥਿਆਰ ਸਪਲਾਇਰਾਂ ਤੋਂ ਪਿਸਤੌਲਾਂ ਦੀ ਖੇਪ ਮਿਲੀ ਸੀ। ਸੰਨੀ ਤੇ ਹਰਸ਼ਦੀਪ ਨੇ ਬੁਰਹਾਨਪੁਰ ਦੇ ਇਕ ਸਪਲਾਇਰ ਤੋਂ ਪਿਸਤੌਲਾਂ ਦੀ ਖੇਪ ਖਰੀਦੀ ਸੀ। ਉੱਧਰ ਰੋਹਿਤ ਤੇ ਪਵਨ ਨੇ ਸੇਂਧਵਾ ਦੇ ਸਰਦਾਰ ਨਾਂ ਦੇ ਵਿਅਕਤੀ ਤੋਂ ਪਿਸਤੌਲ ਹਾਸਲ ਕੀਤੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News