ਹਿੰਦੂ ਆਗੂ ਦੀ ਗੱਡੀ ’ਤੇ ਹਮਲਾ ਕਰਨ ਵਾਲੇ 4 ਵਿਅਕਤੀ ਗ੍ਰਿਫਤਾਰ

Monday, Sep 25, 2023 - 02:10 PM (IST)

ਹਿੰਦੂ ਆਗੂ ਦੀ ਗੱਡੀ ’ਤੇ ਹਮਲਾ ਕਰਨ ਵਾਲੇ 4 ਵਿਅਕਤੀ ਗ੍ਰਿਫਤਾਰ

ਪਟਿਆਲਾ (ਬਲਜਿੰਦਰ) : ਦੋ ਦਿਨ ਪਹਿਲਾਂ ਹਿੰਦੂ ਆਗੂ ਦੇਵ ਅਮਿਤ ਸ਼ਰਮਾ ਦੀ ਗੱਡੀ ’ਤੇ ਪਥਰਾ ਕਰਨ ਵਾਲੇ 4 ਵਿਅਕਤੀਆਂ ਨੂੰ ਥਾਣਾ ਕੋਤਵਾਲੀ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਪੀ. ਸਿਟੀ ਸਰਫਰਾਜ਼ ਆਲਮ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਨੇ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਪਾਲਾ ਸਿੰਘ, ਅਮਨ ਪਰਜਾਪਤੀ ਉਰਫ ਅਮਨੀ ਪੁੱਤਰ ਵਿੱਕੀ ਰਾਮ, ਸਾਗਰ ਉਰਫ ਜੱਗੂ, ਰਵੀ ਪੁੱਤਰ ਪਿੰਟੂ ਵਾਸੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ।

ਐੱਸ. ਪੀ. ਸਿਟੀ ਸਰਫਰਾਜ਼ ਆਲਮ ਨੇ ਦੱਸਿਆ ਕਿ 2 ਦਿਨ ਪਹਿਲਾਂ ਹਿੰਦੂ ਆਗੂ ਦੇਵ ਅਮਿਤ ਸ਼ਰਮਾ ਪੁੱਤਰ ਨਰਿੰਦਰ ਸ਼ਰਮਾ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਣ ਲਈ ਆਏ ਸੀ ਤਾਂ ਜਦੋਂ ਉਹ ਸ਼੍ਰੀ ਕਾਲੀ ਮਾਤਾ ਦੇ ਮੰਦਰ ਵਿਖੇ ਮੱਥਾ ਟੇਕਣ ਲਈ ਗਏ ਤਾਂ ਪਿੱਛੋਂ ਉਨ੍ਹਾਂ ਦੀ ਗੱਡੀ ’ਤੇ ਹਮਲਾ ਕਰ ਕੇ ਗੱਡੀ ਦੀ ਭੰਨਤੋੜ ਕੀਤੀ ਗਈ। ਇਸ ਮਾਮਲੇ ’ਚ ਤੁਰੰਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਥਾਣਾ ਕੋਤਵਾਲੀ ਦੀ ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ 323, 341, 427, 148 ਅਤੇ 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਜਾਂਚ ਸ਼ੁਰੂ ਕੀਤੀ ਤਾਂ ਉਕਤ ਵਿਅਕਤੀਆਂ ਦੀ ਪਛਾਣ ਕਰ ਕੇ ਕੁਝ ਹੀ ਘੰਟਿਆਂ ’ਚ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਵਰੁਣ ਸ਼ਰਮਾ ਦੀਆਂ ਸਖਤ ਹਦਾਇਤਾਂ ਹਨ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖਸ਼ਿਆ ਜਾਵੇਗਾ। ਇਸ ਦੇ ਲਈ ਪਟਿਆਲਾ ਪੁਲਸ 24 ਘੰਟੇ ਚੌਕਸ ਹੈ। ਇਸ ਮੌਕੇ ਡੀ. ਐੱਸ. ਪੀ. ਕਰਮਵੀਰ ਸਿੰਘ ਤੂਰ ਅਤੇ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਵਿੰਦਰ ਸਿੰਘ ਦੀ ਹਾਜ਼ਰ ਸਨ।


author

Gurminder Singh

Content Editor

Related News