ਟਰੱਕ ਮਾਲਕ ਦੇ ਕਤਲ ਦੇ ਮਾਮਲੇ ''ਚ ਚਾਰ ਗ੍ਰਿਫਤਾਰ
Monday, Dec 04, 2017 - 07:59 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) - ਇਥੋਂ ਦੇ ਟਰੱਕ ਮਾਲਕ ਦਾ ਕਤਲ ਕਰਨ ਵਾਲੇ ਚਾਰੇ ਦੋਸ਼ੀਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ, ਜਿਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਕਤ ਵਿਅਕਤੀਆਂ ਨੇ ਸੀ. ਆਈ. ਡੀ. ਨਾਟਕ ਤੋਂ ਪ੍ਰੇਰਿਤ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ।
ਵਰਣਨਯੋਗ ਹੈ ਕਿ ਤਿੰਨ ਦਿਨ ਪਹਿਲਾਂ ਲਾਪਤਾ ਹੋਇਆ ਸ੍ਰੀ ਮੁਕਤਸਰ ਸਾਹਿਬ ਦਾ ਟਰੱਕ ਵੀਰਵਾਰ ਸਵੇਰੇ ਗਿੱਦੜਬਾਹਾ ਦੀ ਗਊਸ਼ਾਲਾ ਰੋਡ ਤੋਂ ਸ਼ੱਕੀ ਹਾਲਤ 'ਚ ਮਿਲਿਆ ਸੀ, ਜਿਸ ਦੇ ਨਾਲ ਡਰਾਈਵਰ ਨੂੰ ਬੰਨ੍ਹਿਆ ਹੋਇਆ ਸੀ, ਜਿਸ ਨੇ ਪੁੱਛਗਿੱਛ ਦੌਰਾਨ ਟਰੱਕ ਮਾਲਕ ਨੀਰਜ ਕੁਮਾਰ ਬਾਘਲਾ ਦਾ ਕਤਲ ਕਰਨ ਦੀ ਗੱਲ ਮੰਨੀ। ਪੁਲਸ ਨੇ ਮਾਮਲੇ 'ਚ ਮ੍ਰਿਤਕ ਦੇ ਚਚੇਰੇ ਭਰਾ ਅਸ਼ਵਨੀ ਕੁਮਾਰ ਦੇ ਬਿਆਨਾਂ 'ਤੇ ਟਰੱਕ ਡਰਾਈਵਰ ਕਮਲਦੀਪ ਸਿੰਘ, ਬੂਟਾ ਸਿੰਘ, ਜਲੰਧਰ ਸਿੰਘ ਵਾਸੀਆਨ ਜਲਾਲਾਬਾਦ ਰੋਡ ਬਾਈਪਾਸ ਤੇ ਕਾਲੂ ਵਾਸੀ ਚੱਕ ਜਾਨੀਸਰ ਦੇ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਅੱਜ ਥਾਣਾ ਸਿਟੀ ਇੰਚਾਰਜ ਤੇਜਿੰਦਰਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਕਰ ਕੇ ਮਾਮਲੇ ਸਬੰਧੀ ਖੁਲਾਸਾ ਕੀਤਾ।
ਥਾਣਾ ਇੰਚਾਰਜ ਨੇ ਦੱਸਿਆ ਕਿ ਟਰੱਕ ਮਾਲਕ ਦੇ ਸਿਰ 'ਤੇ ਇੱਟਾਂ ਨਾਲ ਵਾਰ ਕੀਤੇ ਗਏ, ਗਲੇ 'ਤੇ ਕਾਪੇ ਦੇ 13 ਤੋਂ 14 ਵਾਰ ਸਨ। ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਡੀ. ਏ. ਪੀ. ਦੇ ਦੱਸ ਗੱਟੇ ਵੇਚੇ ਸੀ ਕਿਉਂਕਿ ਉਨ੍ਹਾਂ ਕੋਲ ਪੈਸੇ ਨਹੀਂ ਸਨ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਗੱਡੀ ਦੇ ਕਾਗਜ਼ ਤੇ ਹੋਰ ਸਾਰਾ ਸਾਮਾਨ ਨਹਿਰ 'ਚ ਸੁੱਟ ਦਿੱਤਾ। ਕਤਲ ਲਈ ਇਸਤੇਮਾਲ ਕੀਤੇ ਗਏ ਹਥਿਆਰ ਆਦਿ ਅਜੇ ਬਰਾਮਦ ਕਰਨੇ ਬਾਕੀ ਹਨ।
