ਨਸ਼ੇ ਨੇ ਲਈ 39 ਸਾਲਾ ਵਿਅਕਤੀ ਦੀ ਜਾਨ
Monday, Mar 05, 2018 - 01:27 AM (IST)

ਰਾਹੋਂ, (ਪ੍ਰਭਾਕਰ)- 39 ਸਾਲਾ ਵਿਅਕਤੀ ਦੀ ਨਸ਼ਾ ਕਰਨ ਨਾਲ ਮੌਤ ਹੋ ਗਈ। ਥਾਣਾ ਰਾਹੋਂ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਭਾਰਟਾ ਕਲਾਂ ਦੀ ਰਹਿਣ ਵਾਲੀ ਜਸਵੰਤ ਕੌਰ ਪਤਨੀ ਫਕੀਰ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੇਰਾ ਲੜਕਾ ਮੁਖਤਿਆਰ ਸਿੰਘ (39) ਸ਼ਾਦੀਸ਼ੁਦਾ ਸੀ ਅਤੇ ਡਰਾਈਵਰੀ ਦਾ ਕੰਮ ਕਰਦਾ ਸੀ। ਉਹ ਥੋੜ੍ਹਾ-ਬਹੁਤ ਨਸ਼ਾ ਵੀ ਕਰਦਾ ਸੀ। ਸਵੇਰੇ 9 ਵਜੇ ਦੇ ਕਰੀਬ ਚਰਨਜੀਤ ਸਿੰਘ ਪੁੱਤਰ ਹਰਮੇਸ਼ ਵਾਸੀ ਪਿੰਡ ਕੰਗ ਆਪਣੇ ਮੋਟਰਸਾਈਕਲ 'ਤੇ ਮੇਰੇ ਲੜਕੇ ਮੁਖਤਿਆਰ ਸਿੰਘ ਨੂੰ ਨਾਲ ਲੈ ਕੇ ਗਿਆ ਸੀ। ਮੈਨੂੰ ਫੋਨ ਰਾਹੀਂ ਪਤਾ ਲੱਗਾ ਕਿ ਉਹ ਦੋਵੇਂ ਕਿਸੇ ਮੋਟਰ 'ਤੇ ਪਿੰਡ ਕੰਗ ਵਿਖੇ ਬੈਠੇ ਹਨ।
ਦੁਪਹਿਰ 3 ਵਜੇ ਪਤਾ ਲੱਗਾ ਕਿ ਮੇਰੇ ਲੜਕੇ ਦੀ ਲਾਸ਼ ਉਸੇ ਮੋਟਰ ਦੇ ਦਰਵਾਜ਼ੇ ਦੇ ਕੋਲ ਪਈ ਹੈ। ਮੈਂ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚੀ ਤਾਂ ਵੇਖਿਆ ਕਿ ਮੇਰੇ ਮ੍ਰਿਤਕ ਲੜਕੇ ਦੇ ਨੱਕ ਵਿਚੋਂ ਖੂਨ ਨਿਕਲਿਆ ਹੋਇਆ ਸੀ। ਮੈਨੂੰ ਇੰਝ ਜਾਪਦਾ ਸੀ ਜਿਵੇਂ ਉਸਨੇ ਕੋਈ ਨਸ਼ਾ ਕੀਤਾ ਹੋਇਆ ਸੀ। ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਮ੍ਰਿਤਕ ਮੁਖਤਿਆਰ ਸਿੰਘ ਦੀ ਮਾਤਾ ਜਸਵੰਤ ਕੌਰ ਦੇ ਬਿਆਨਾਂ 'ਤੇ ਏ. ਐੱਸ. ਆਈ. ਸੁਰਿੰਦਰ ਸਿੰਘ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।