ਕੋਰੋਨਾ ਵਾਇਰਸ ਕਾਰਨ ICP ਅਟਾਰੀ ਬਾਰਡਰ ’ਤੇ ਫਸੇ 32 ਭਾਰਤੀ ਨਾਗਰਿਕ
Thursday, Mar 19, 2020 - 12:52 AM (IST)
ਅੰਮ੍ਰਿਤਸਰ, (ਨੀਰਜ)- ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ 32 ਭਾਰਤੀ ਨਾਗਰਿਕ ਫਸੇ ਹੋਏ ਹਨ, ਜੋ ਪਾਕਿਸਤਾਨ ਦੇ ਰਸਤੇ ਭਾਰਤ (ਅਟਾਰੀ ਬਾਰਡਰ) ਆਏ ਹਨ ਪਰ ਇਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਐਂਟਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਹੁਣ ਪਾਕਿਸਤਾਨ ਸਰਕਾਰ ਵੀ ਇਨ੍ਹਾਂ ਨੂੰ ਵਾਪਸ ਨਹੀਂ ਲੈ ਰਹੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਭਾਰਤੀ ਨਾਗਰਿਕ ਜਿਨ੍ਹਾਂ ’ਚ ਕੁਝ ਪੱਤਰਕਾਰ ਵੀ ਸ਼ਾਮਲ ਹਨ, ਭਾਰਤ ਤੋਂ ਦੁਬਈ ਗਏ ਸਨ ਪਰ ਵਾਪਸੀ ਦੇ ਸਮੇਂ ਇਨ੍ਹਾਂ ਨੇ ਵਾਇਆ ਪਾਕਿਸਤਾਨ ਦਾ ਰੂਟ ਅਪਣਾ ਲਿਆ ਕਿਉਂਕਿ ਕੋਰੋਨਾ ਵਾਇਰਸ ਕਾਰਣ ਦੁਬਈ ਦੀਆਂ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਮੀਗ੍ਰੇਸ਼ਨ ਵਿਭਾਗ ਦਲੀਲ ਦੇ ਰਿਹਾ ਹੈ ਕਿ ਜਿਸ ਰੂਟ ਤੋਂ ਉਹ ਦੁਬਈ ਗਏ ਸਨ, ਉਸੇ ਰੂਟ ਤੋਂ ਵਾਪਸ ਆਉਣ। ਇਸ ਲਈ ਬਾਕਾਇਦਾ ਇਕ ਬੱਸ ’ਚ ਬਿਠਾ ਕੇ ਸਾਰੇ ਲੋਕਾਂ ਨੂੰ ਭਾਰਤ-ਪਾਕਿ ਜ਼ੀਰੋ ਲਾਈਨ ’ਤੇ ਵੀ ਲਿਜਾਇਆ ਗਿਆ ਪਰ ਉਥੇ ਪਾਕਿਸਤਾਨ ਨੇ ਇਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ’ਚ ਅੈਂਟਰੀ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਸੂਚਨਾ ਲਿਖੇ ਜਾਣ ਤੱਕ ਪੀ. ਐੱਮ. ਓ. ਆਫਿਸ ਨਾਲ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀ ਸੰਪਰਕ ਕਰ ਰਹੇ ਸਨ ਪਰ ਹੁਣ ਤੱਕ ਇਸ ਮਾਮਲੇ ’ਚ ਕੋਈ ਫੈਸਲਾ ਨਹੀਂ ਹੋਇਆ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਕਸਟਮ ਵਿਭਾਗ ਵੀ ਦੇਰ ਰਾਤ ਤੱਕ ਫਸਿਆ ਰਿਹਾ ਕਿਉਂਕਿ ਯਾਤਰੀਆਂ ਦੀ ਇਮੀਗ੍ਰੇਸ਼ਨ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੇ ਸਾਮਾਨ ਦੀ ਚੈਕਿੰਗ ਕਰਨ ਦਾ ਕੰਮ ਕਸਟਮ ਵਿਭਾਗ ਕਰਦਾ ਹੈ।