ਗੁਰਦਾਸਪੁਰ ਵਾਸੀਆਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਪੰਜਾਬ ਸਰਕਾਰ, 2 ਦਸੰਬਰ ਨੂੰ CM ਮਾਨ ਕਰਨਗੇ ਉਦਘਾਟਨ
Tuesday, Nov 28, 2023 - 01:22 PM (IST)
ਗੁਰਦਾਸਪੁਰ (ਹਰਮਨ)- ਗੁਰਦਾਸੁਪਰ ਜ਼ਿਲ੍ਹਾ ਹੈੱਡਕੁਆਟਰ ’ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਮ ’ਤੇ ਬਣਾਇਆ ਗਿਆ ਬੱਸ ਅੱਡਾ ਹਾਈਟੈਕ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਨਵੇਂ ਬੱਸ ਅੱਡੇ ਵਿਚ ਜਿਥੇ ਯਾਤਰੀਆਂ ਦੀਆਂ ਸਹੂਲਤਾਂ ਲਈ ਕਈ ਪ੍ਰਬੰਧ ਕੀਤੇ ਗਏ ਹਨ, ਉਸ ਦੇ ਨਾਲ ਹੀ 30 ਸੀ. ਸੀ. ਟੀ. ਵੀ. ਕੈਮਰੇ ਪੂਰੇ ਬੱਸ ਅੱਡੇ ’ਚ ਆਉਣ ਜਾਣ ਵਾਲੇ ਲੋਕਾਂ ਦੀ ਨਿਗਰਾਨੀ ਕਰਨਗੇ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਬੱਸ ਅੱਡੇ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਨਗਰ ਸੁਧਾਰ ਟਰੱਸਟ ਨੇ ਬੱਸ ਅੱਡੇ ਦੇ ਹੇਠਲੇ ਫਲੋਰ ’ਤੇ ਪੁਲਸ ਨੂੰ ਇਕ ਕਮਰਾ ਦਫ਼ਤਰ ਲਈ ਦਿੱਤਾ ਗਿਆ ਹੈ, ਜਦੋਂ ਕਿ ਪਹਿਲੀ ਮੰਜ਼ਿਲ ’ਤੇ ਵੀ ਇਕ ਕਮਰਾ ਪੁਲਸ ਕੋਲ ਰਹੇਗਾ।
ਇਸ ਬੱਸ ਅੱਡੇ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੰਦੇ ਹੋਏ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਇਹ ਬੱਸ ਅੱਡਾ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ, ਜਿਥੇ ਯਾਤਰੀਆਂ ਅਤੇ ਬੱਸ ਚਾਲਕਾਂ ਦੇ ਰਹਿਣ ਲਈ ਹੋਟਲਨੁਮਾ ਕਮਰੇ ਅਤੇ ਹੋਰ ਅਨੇਕਾਂ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ। ਚੇਅਰਮੈਨ ਨੇ ਦੱਸਿਆ ਕਿ ਬੱਸ ਅੱਡਾ ਨਗਰ ਸੁਧਾਰ ਟਰੱਸਟ ਨੇ ਤਿਆਰ ਕਰਵਾਇਆ ਹੈ ਅਤੇ ਹੁਣ ਇਸ ਨੂੰ ਠੇਕੇ ’ਤੇ ਦਿੱਤਾ ਜਾਵੇਗਾ, ਜਿਸ ਦੀ ਆਮਦਨ ਟਰੱਸਟ ਨੂੰ ਆਵੇਗੀ। ਇਸੇ ਤਰ੍ਹਾਂ ਪਾਰਕਿੰਗ ਵਾਲੀ ਜਗ੍ਹਾ ਤੋਂ ਵੀ ਵੱਖਰੇ ਤੌਰ ’ਤੇ ਠੇਕੇ ਦੀ ਆਮਦਨ ਆਵੇਗੀ। ਟਰੱਸਟ ਦੀ ਜਗ੍ਹਾ ਵਿਚ ਬੱਸ ਅੱਡੇ ਅੰਦਰ 5 ਵੱਡੇ ਯੂਨੀਪੋਲ ਵੀ ਲਗਾਏ ਗਏ ਹਨ ਜਿਥੋਂ ਹੋਰ ਵਾਧੂ ਆਮਦਨ ਹੋਵੇਗੀ। ਇਸੇ ਤਰ੍ਹਾਂ 7 ਦੁਕਾਨਾਂ ਦਾ ਕਿਰਾਇਆ ਵੀ ਟਰੱਸਟ ਦੀ ਆਮਦਨ ਵਿਚ ਵਾਧਾ ਕਰੇਗਾ।
ਹਰੇਕ ਰੂਟ ’ਤੇ ਬੱਸ ਅੱਡੇ ਤੋਂ ਹੀ ਰਵਾਨਾ ਹੋਵੇਗੀ ਬੱਸ
ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਕਰੀਬ 6 ਏਕੜ ਜ਼ਮੀਨ ਵਿਚ ਬਣਾਏ ਗਏ ਇਸ ਬੱਸ ਅੱਡੇ ਵਿਚ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਲਈ 21 ਕਾਊਂਟਰ ਬਣਾਏ ਗਏ ਹਨ। ਹਰੇਕ ਰੂਟ ’ਤੇ ਚੱਲਣ ਵਾਲੀ ਬੱਸ ਲਈ ਵੱਖਰਾ ਕਾਊਂਟਰ ਹੋਵੇਗਾ ਅਤੇ ਇਨ੍ਹਾਂ ਕਾਊਂਟਰਾਂ ’ਤੇ ਸਵਾਰੀਆਂ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਰੂਟ ’ਤੇ ਆਉਣ ਜਾਣ ਵਾਲੀ ਬੱਸ ਆਪਣੇ ਨਿਰਧਾਰਿਤ ਕਾਊਂਟਰ ਤੋਂ ਹੀ ਚੱਲੇਗੀ ਅਤੇ ਕੋਈ ਵੀ ਬੱਸ ਹੁਣ ਬੱਸ ਅੱਡੇ ਤੋਂ ਬਾਹਰੋਂ ਜਾਂ ਸ਼ਹਿਰ ਦੇ ਹੋਰ ਹਿੱਸੇ ਤੋਂ ਰਵਾਨਾ ਨਹੀਂ ਹੋਵੇਗੀ।
ਇਹ ਵੀ ਪੜ੍ਹੋ- ਗੁਰੂ ਨਾਨਕ ਗੁਰਪੁਰਬ ਮੌਕੇ ਬਠਿੰਡਾ ਦੇ ਸ਼ਮਸ਼ਾਨਘਾਟ 'ਚ ਲੱਗਦੀ ਹੈ ਬੱਚਿਆਂ ਦੀ ਜਮਾਤ, ਵਜ੍ਹਾ ਹੈ ਖ਼ਾਸ
ਵੀਲਚੇਅਰਾਂ, ਪਖਾਨਿਆਂ ਸਮੇਤ ਹਰੇਕ ਸਹੂਲਤ ਹੋਵੇਗੀ ਉਪਲੱਬਧ
ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਅੰਗਹੀਣ ਯਾਤਰੀਆਂ ਲਈ 2 ਵੀਲਚੇਅਰਾਂ ਹੇਰ ਵੇਲੇ ਉਬਲੱਬਧ ਰਹਿਣਗੀਆਂ। ਇਸ ਬੱਸ ਅੱਡੇ ਦੀ ਇਮਾਰਤ ਵਿਚ ਪੁਰਸ਼ਾਂ, ਮਹਿਲਾਵਾਂ ਅਤੇ ਅੰਗਹੀਣਾਂ ਲਈ ਵੱਖਰੇ-ਵੱਖਰੇ ਪਖਾਨੇ ਬਣਾਏ ਗਏ ਹਨ, ਜਿਨ੍ਹੰ ਦੀ ਸਾਫ਼ ਸਫ਼ਾਈ ਦਾ ਕੰਮ ਸੁਲਭ ਸ਼ੌਚਾਲਯ ਨੂੰ ਸੌਂਪ ਦਿੱਤਾ ਗਿਆ ਹੈ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਪਖਾਨਿਆਂ ਸਮੇਤ ਪੂਰਾ ਬੱਸ ਅੱਡਾ ਸਾਫ ਸੁਥਰਾ ਰਹੇਗਾ। ਪੀਣ ਵਾਲੇ ਸਾਫ ਪਾਣੀ ਲਈ 2 ਵਾਟਰ ਕੂਲਰ ਤੇ 2 ਆਰਓ ਵੀ ਬੱਸ ਅੱਡੇ ਵਿਚ ਲਗਾਏ ਗਏ ਹਨ।
ਸਟਾਫ਼ ਲਈ 10 ਅਤੇ ਯਾਤਰੀਆਂ ਲਈ 7 ਕਮਰੇ ਬਣਾਏ
ਚੇਅਰਮੈਨ ਨੇ ਦੱਸਿਆ ਕਿ ਬੱਸ ਅੱਡੇ ’ਚ 10 ਕਮੇਰੇ ਬਣਾਏ ਗਏ ਹਨ, ਜਿਨ੍ਹਾਂ ਵਿਚ ਰਾਤ ਦੀ ਡਿਊਟੀ ਵਾਲੇ ਸਟਾਫ਼ ਅਤੇ ਡਰਾਈਵਰਾਂ-ਕੰਡਕਟਰਾਂ ਸਮੇਤ ਹੋਰ ਸਟਾਫ ਰਹਿ ਸਕੇਗਾ ਅਤੇ ਨਾਲ ਹੀ ਯਾਤਰੀਆਂ ਲਈ ਵੀ 7 ਕਮਰੇ ਬਣਾਏ ਗਏ ਹਨ ਜੋ 500 ਰੁਪਏ ਕਿਰਾਏ ’ਤੇ ਦਿੱਤੇ ਜਾਣਗੇ। ਬਿਜਲੀ ਦੀ ਨਿਰਵਿਘਨ ਸਪਲਾਈ ਲਈ ਬਿਜਲੀ ਕੁਨੈਕਸ਼ਨ ਦੇ ਨਾਲ-ਨਾਲ ਵੱਡਾ ਜਨਰੇਟਰ ਵੀ ਲਗਾਇਆ ਗਿਆ ਹੈ ਅਤੇ ਨਾਲ ਹੀ ਸਵਾਰੀਆਂ ਲਈ ਵੱਖਰਾ ਵੇਟਿੰਗ ਏਰੀਆ ਬਣਾ ਕੇ ਕਰੀਬ 30 ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਊਂਟਰਾਂ ਵਾਲੇ ਵਰਾਂਡੇ ਵਿਚ ਵੀ ਸਵਾਰੀਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪ੍ਰਕਾਸ਼ ਪੁਰਬ ਮੌਕੇ CM ਮਾਨ ਦਾ ਸੰਗਤਾਂ ਨੂੰ ਵੱਡਾ ਤੋਹਫ਼ਾ, ਅੱਜ ਤੋਂ ਇਨ੍ਹਾਂ ਤੀਰਥ ਸਥਾਨਾਂ ਲਈ ਰਵਾਨਾ ਹੋਵੇਗੀ ਟ੍ਰੇਨ
ਮੁਹੱਲਾ ਕਲੀਨਿਕ ਸਮੇਤ ਹੋਰ ਸਹੂਲਤਾਂ ਹੋਣਗੀਆਂ ਉਪਲੱਬਧ
ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਬੱਸ ਅੱਡੇ ਵਿਚ ਐਮਰਜੈਂਸੀ ਸਿਹਤ ਸੇਵਾਵਾਂ ਦੇਣ ਲਈ ਡਿਸਪੈਂਸਰੀ ਲਈ ਵੀ ਜਗ੍ਹਾ ਰੱਖੀ ਗਈ ਹੈ ਅਤੇ ਉਨ੍ਹਾਂ ਨੇ ਸਰਕਾਰ ਨੂੰ ਲਿਖਤੀ ਰੂਪ ਵਿਚ ਅਪੀਲ ਕੀਤੀ ਹੈ ਕਿ ਇਸ ਬੱਸ ਅੱਡੇ ਵਿਚ ਮੁਹੱਲਾ ਕਲੀਨਿਕ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੂਰਨ ਆਸ ਹੈ ਕਿ ਮੁਹੱਲਾ ਕਲੀਨਿਕ ਇਸ ਬੱਸ ਅੱਡੇ ਵਿਚ ਸ਼ੁਰੂ ਹੋਵੇਗਾ ਪਰ ਜਿੰਨੀ ਦੇਰ ਮੁਹੱਲਾ ਕਲੀਨਿਕ ਨਹੀਂ ਚਲੇਗਾ, ਉਨੀ ਦੇਰ ਡਿਸਪੈਂਸਰੀ ਸ਼ੁਰੂ ਕਰਵਾਈ ਜਾਵੇਗੀ। ਇਸੇ ਤਰ੍ਹਾਂ ਕਰੀਬ 7 ਦੁਕਾਨਾਂ ਵੀ ਬਣਾਈਆਂ ਗਈਆਂ, ਜਿਨ੍ਹਾਂ ਵਿਚ ਵੇਰਕਾ ਦਾ ਬੂਥ ਅਤੇ ਹੋਰ ਸਾਮਾਨ ਦੀ ਵਿਕਰੀ ਹੋਵੇਗੀ ਅਤੇ ਇਕ ਵੱਡਾ ਏਸੀ ਕੈਫੇਟੇਰੀਆ ਵੀ ਸ਼ੁਰੂ ਹੋਵੇਗਾ।
ਪਾਰਕਿੰਗ ਦੀ ਵੀ ਨਹੀਂ ਹੋਵੇਗੀ ਸਮੱਸਿਆ
ਉਨ੍ਹਾਂ ਦੱਸਿਆ ਕਿ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਲਈ ਵੱਖਰੀ-ਵੱਖਰੀ ਪਾਰਕਿੰਗ ਹੋਵੇਗੀ ਅਤੇ ਬੱਸ ਅੱਡਾ ਸ਼ੁਰੂ ਹੋਣ ਦੇ ਬਾਅਦ ਈ-ਰਿਕਸ਼ਿਆਂ ਦੀ ਪਾਰਕਿੰਗ ਲਈ ਵੀ ਵੱਖਰੀ ਜਗਾ ਅਲਾਟ ਕੀਤੀ ਜਾਵੇਗੀ। ਕੁਝ ਸਮੇਂ ਬਾਅਦ 10 ਐੱਸ. ਸੀ. ਓ. ਅਤੇ 17 ਬੂਥਾਂ ਦੀ ਜਗ੍ਹਾ ਵੀ ਸੇਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਵਿਦੇਸ਼ੋਂ ਆਏ ਪੁੱਤ ਨੇ ਪਿਓ ਦਾ ਸੁਫ਼ਨਾ ਕੀਤਾ ਪੂਰਾ, ਸਿੱਧਾ ਖੇਤਾਂ 'ਚ ਉਤਾਰਿਆ ਹੈਲੀਕਾਪਟਰ
ਬਕਾਇਆ ਹੈ ਕਰੀਬ ਡੇਢ ਕਰੋੜ ਦੇ ਕੰਮ
ਚੇਅਰਮੈਨ ਨੇ ਦੱਸਿਆ ਕਿ ਇਸ ਬੱਸ ਅੱਡੇ ਦਾ ਕੰਮ 2021 ਤੋਂ ਬੰਦ ਪਿਆ ਸੀ ਪਰ ਉਨ੍ਹਾਂ ਦੇ ਅਹੁਦਾ ਸੰਭਾਲਣ ਦੇ ਬਾਅਦ ਜਨਵਰੀ ਤੋਂ ਇਸ ਦਾ ਕੰਮ ਸ਼ੁਰੂ ਕਰਵਾਇਆ ਅਤੇ ਇਸ ਨੂੰ ਮੁਕੰਮਲ ਕਰਵਾਇਆ ਹੈ। ਅਜੇ ਇਸ ਬੱਸ ਅੱਡੇ ਦੇ ਗੁੰਬਦ ਅਤੇ 2 ਸ਼ੈੱਡਾਂ ਸਮੇਤ ਕੁਝ ਕੰਮ ਪਏ ਹਨ, ਜਿਨ੍ਹਾਂ ’ਤੇ ਕਰੀਬ ਡੇਢ ਕਰੋੜ ਰੁਪਏ ਦਾ ਖਰਚਾ ਹੋਵੇਗਾ। ਉਹ ਜਲਦੀ ਹੀ ਇਹ ਕੰਮ ਮੁਕੰਮਲ ਕਰਵਾਉਣਗੇ। ਬੱਸ ਅੱਡੇ ਨੂੰ ਪ੍ਰਦੂਸ਼ਣ ਮੁਕਤ ਅਤੇ ਸੁੰਦਰ ਰੱਖਣ ਲਈ ਜੰਗਲਾਤ ਵਿਭਾਗ ਵੱਲੋਂ ਕਰੀਬ 1000 ਰੁੱਖ ਵੀ ਢੁਕਵੀਂਆਂ ਜਗਾਵਾਂ ’ਤੇ ਲਗਾਏ ਹਨ।
‘ਉਨ੍ਹਾਂ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਗੁਰਦਾਸਪੁਰ ’ਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ’ਤੇ ਬਣਾਏ ਗਏ ਇਸ ਬੱਸ ਅੱਡੇ ਦਾ ਉਦਘਾਟਨ ਕਰਨ ਲਈ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 2 ਦਸੰਬਰ ਨੂੰ ਉਚੇਚੇ ਤੌਰ ’ਤੇ ਗੁਰਦਾਸਪੁਰ ਆ ਰਹੇ ਹਨ। ਇਸ ਬੱਸ ਅੱਡੇ ਦੇ ਸ਼ੁਰੂ ਹੋਣ ਨਾਲ ਗੁਰਦਾਸਪੁਰ ਸ਼ਹਿਰ ਵਿਚ ਆਵਾਜਾਈ ਸਮੇਤ ਕਈ ਸਮੱਸਿਆਵਾਂ ਦਾ ਖਾਤਮਾ ਹੋ ਜਾਵੇਗਾ।’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8