ਯੂਕ੍ਰੇਨ ’ਚ ਫਸੇ ਜਲੰਧਰ ਦੇ ਇਕ ਪਰਿਵਾਰ ਦੇ 3 ਨੌਜਵਾਨ, ਫੋਨ ਦਾ ਹਰ ਸਮੇਂ ਰਹਿੰਦੈ ਇੰਤਜ਼ਾਰ, ਵੇਖਣ ਨੂੰ ‘ਤਰਸੀਆਂ ਅੱਖਾਂ

Wednesday, Mar 02, 2022 - 03:11 PM (IST)

ਯੂਕ੍ਰੇਨ ’ਚ ਫਸੇ ਜਲੰਧਰ ਦੇ ਇਕ ਪਰਿਵਾਰ ਦੇ 3 ਨੌਜਵਾਨ, ਫੋਨ ਦਾ ਹਰ ਸਮੇਂ ਰਹਿੰਦੈ ਇੰਤਜ਼ਾਰ, ਵੇਖਣ ਨੂੰ ‘ਤਰਸੀਆਂ ਅੱਖਾਂ

ਜਲੰਧਰ (ਪੁਨੀਤ)– ਟੀ. ਵੀ. ਚੈਨਲਾਂ ’ਤੇ ਜਦੋਂ ਵੀ ਯੂਕ੍ਰੇਨ ਵਿਚ ਖ਼ਤਰਾ ਵਧਣ ਦੀਆਂ ਖ਼ਬਰਾਂ ਚੱਲਦੀਆਂ ਹਨ ਤਾਂ ਉਥੇ ਫਸੇ ਬੱਚਿਆਂ ਦੇ ਮਾਪਿਆਂ ਦਾ ਦਰਦ ਸਿਖ਼ਰ ’ਤੇ ਪਹੁੰਚ ਜਾਂਦਾ ਹੈ। ਜਲੰਧਰ ਜ਼ਿਲ੍ਹੇ ਤੋਂ ਦਰਜਨਾਂ ਬੱਚੇ ਯੂਕ੍ਰੇਨ ਵਿਚ ਪੜ੍ਹਾਈ ਕਰਨ ਲਈ ਗਏ ਹੋਏ ਹਨ, ਜਿਨ੍ਹਾਂ ਵਿਚੋਂ ਵਧੇਰੇ ਵਾਪਸ ਨਹੀਂ ਪਰਤੇ। ਆਮ ਤੌਰ ’ਤੇ ਇਕ ਪਰਿਵਾਰ ਦਾ ਇਕ ਬੱਚਾ ਯੂਕ੍ਰੇਨ ਵਿਚ ਪੜ੍ਹਾਈ ਲਈ ਗਿਆ ਹੈ। ਬਹੁਤ ਘੱਟ ਕੇਸਾਂ ਵਿਚ ਪਰਿਵਾਰ ਦੇ 2 ਬੱਚੇ ਯੂਕ੍ਰੇਨ ਵਿਚ ਪੜ੍ਹ ਰਹੇ ਹਨ ਪਰ ਜਲੰਧਰ ਦੇ ਸ਼ਰਮਾ ਪਰਿਵਾਰ ਦੇ 3 ਨੌਜਵਾਨ ਯੂਕ੍ਰੇਨ ਵਿਚ ਪੜ੍ਹਾਈ ਲਈ ਗਏ ਹੋਏ ਹਨ। ਤਿੰਨੋਂ ਬੱਚੇ ਕੋਲ ਨਾ ਹੋਣ ਕਾਰਨ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵੀ ਵਧਦੀ ਜਾ ਰਹੀ ਹੈ। ਮਾਪਿਆਂ ਨੂੰ ਬੱਚਿਆਂ ਦੇ ਫੋਨ ਦਾ ਹਰ ਸਮੇਂ ਇੰਤਜ਼ਾਰ ਰਹਿੰਦਾ ਹੈ।

ਸ਼ਰਮਾ ਪਰਿਵਾਰ ਵੱਲੋਂ ਪਿਛਲੇ ਦਿਨੀਂ ਬੱਚਿਆਂ ਦੀ ਟਿਕਟ ਵੀ ਬੁੱਕ ਕਰਵਾਈ ਗਈ ਸੀ ਪਰ ਉਨ੍ਹਾਂ ਦੀ ਉਸ ਸਮੇਂ ਵਾਪਸੀ ਨਹੀਂ ਹੋ ਸਕੀ, ਜਿਸ ਕਾਰਨ ਦਿਲ ਦੀ ਬੇਚੈਨੀ ਹੋਰ ਵਧ ਗਈ ਹੈ। ਮਾਂ-ਬਾਪ ਦੀਆਂ ਅੱਖਾਂ ਬੱਚਿਆਂ ਦੀ ਇਕ ਝਲਕ ਨੂੰ ਤਰਸ ਰਹੀਆਂ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਬਾਂਹਾਂ ਵਿਚ ਦਿਲ ਨੂੰ ਠੰਡਕ ਦੇਣ ਦੀ ਉਡੀਕ ਕਰ ਰਹੀਆਂ ਹਨ। ਸਰਕਾਰ ਵੱਲੋਂ ਭਾਵੇਂ ਕੁਝ ਵੀ ਦਾਅਵੇ ਕੀਤੇ ਜਾ ਰਹੇ ਹਨ ਪਰ ਮਾਂ-ਬਾਪ ਨੂੰ ਤਸੱਲੀ ਤਾਂ ਉਦੋਂ ਮਿਲੇਗੀ, ਜਦੋਂ ਉਨ੍ਹਾਂ ਦੇ ਬੱਚੇ ਵਾਪਸ ਪਰਤਣਗੇ।

ਇਹ ਵੀ ਪੜ੍ਹੋ: ਸੁਖਜਿੰਦਰ ਰੰਧਾਵਾ ਦਾ PM ਮੋਦੀ 'ਤੇ ਵੱਡਾ ਹਮਲਾ, ਕਿਹਾ-ਕੇਂਦਰ ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਨਾ ਮਾਰੇ

ਬਿਧੀਪੁਰ ਦੇ ਰਹਿਣ ਵਾਲੇ ਡਾ. ਸ਼ਰਮਾ ਅਤੇ ਰਸ਼ਿਮ ਸ਼ਰਮਾ ਦਾ ਪੁੱਤਰ ਇਸ਼ਾਨ ਸ਼ਰਮਾ 11 ਦਸੰਬਰ ਨੂੰ ਯੂਕ੍ਰੇਨ ਗਿਆ ਸੀ। ਉਨ੍ਹਾਂ ਦੇ ਭਰਾ ਮਨੀਸ਼ ਸ਼ਰਮਾ ਦੀ ਬੇਟੀ ਵੰਸ਼ਿਕਾ ਸ਼ਰਮਾ ਵੀ ਯੂਕ੍ਰੇਨ ਵਿਚ ਹੈ। ਉਨ੍ਹਾਂ ਦੇ ਭਰਾ ਕਾਲੀਆ ਕਾਲੋਨੀ ਨਿਵਾਸੀ ਵਿਜੇ ਸ਼ਰਮਾ ਦਾ ਬੇਟਾ ਰਤਨ ਸ਼ਰਮਾ ਪਹਿਲਾਂ ਤੋਂ ਹੀ ਯੂਕ੍ਰੇਨ ਵਿਚ ਹੈ, ਜਿਹੜਾ ਕਿ ਐੱਮ. ਬੀ. ਬੀ. ਐੱਸ. ’ਚ ਦੂਜੇ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਬੱਚੇ ਯੂਕ੍ਰੇਨ ਵਿਚ ਹਨ। ਇਸ ਸਮੇਂ ਉਹ ਡਰ-ਡਰ ਕੇ ਸਮਾਂ ਗੁਜ਼ਾਰ ਰਹੇ ਹਨ। ਹਾਲਤ ਇਹ ਹੈ ਕਿ ਪਰਿਵਾਰਕ ਮੈਂਬਰਾਂ ਦਾ ਸਮਾਂ ਬੱਚਿਆਂ ਦੀ ਵਾਪਸੀ ਦੀ ਉਮੀਦ ਵਿਚ ਲੰਘ ਰਿਹਾ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਹਾਲਾਤ ਖ਼ਰਾਬ ਹੋਣੇ ਸ਼ੁਰੂ ਹੋਏ ਸਨ ਤਾਂ ਯੂਨੀਵਰਸਿਟੀ ਨੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਾਈਆਂ ਸਨ, ਜਿਸ ਕਾਰਨ ਅਜਿਹਾ ਲੱਗ ਰਿਹਾ ਸੀ ਕਿ ਹਾਲਾਤ ਇਕ-ਦੋ ਦਿਨਾਂ ਵਿਚ ਠੀਕ ਹੋ ਜਾਣਗੇ ਪਰ ਜਦੋਂ ਹਾਲਾਤ ਵਿਗੜਨ ਲੱਗੇ ਤਾਂ ਬੱਚਿਆਂ ਦੀਆਂ 26 ਫਰਵਰੀ ਦੀਆਂ ਟਿਕਟਾਂ ਬੁੱਕ ਕਰਵਾ ਦਿੱਤੀਆਂ। ਸ਼ਰਮਾ ਪਰਿਵਾਰ ਦਾ ਹੁਣ ਬੱਚਿਆਂ ਨਾਲ ਸੰਪਰਕ ਨਹੀਂ ਹੋ ਸਕਿਆ। ਜਾਣਕਾਰਾਂ ਨੇ ਕਿਹਾ ਕਿ ਇਸ਼ਾਨ ਦੀ ਮਾਤਾ ਨੇ ਦੱਸਿਆ ਸੀ ਕਿ ਬੱਚਿਆਂ ਨੂੰ ਹੁਣ ਤੱਕ ਆ ਜਾਣਾ ਚਾਹੀਦਾ ਸੀ। ਕੇਂਦਰੀ ਹਸਪਤਾਲ ਵਿਚ ਮੈਡੀਕਲ ਅਫ਼ਸਰ ਵਜੋਂ ਤਾਇਨਾਤ ਇਸ਼ਾਨ ਦੀ ਮਾਤਾ ਦਿਵਿਆਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਹੀਂ ਹੋ ਸਕੀ। ਪਰਿਵਾਰ ਨੇ ਟਿਕਟਾਂ ਬੁੱਕ ਕਰਵਾਈਆਂ ਸਨ। ਜਾਣਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੁਆ ਹੈ ਕਿ ਬੱਚੇ ਰਸਤੇ ਵਿਚ ਹੋਣ ਅਤੇ ਜਲਦ ਵਾਪਸ ਆਪਣੇ ਘਰ ਪਹੁੰਚ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਉਮੀਦ ਸੀ ਕਿ ਉਹ ਮੰਗਲਵਾਰ ਤੱਕ ਪਹੁੰਚ ਜਾਣਗੇ।

ਇਹ ਵੀ ਪੜ੍ਹੋ: ਗਰਭਵਤੀ ਪਤਨੀ ਨਾਲ ਯੂਕ੍ਰੇਨ ’ਚ ਫਸਿਆ ਰੂਪਨਗਰ ਦਾ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News