6 ਗੋਲੀਆਂ ਨਾਲ ਭਰਿਆ 32 ਬੋਰ ਦਾ ਰਿਵਾਲਵਰ ਲੈ ਕੇ 3 ਨੌਜਵਾਨ ਫਰਾਰ

Monday, Mar 12, 2018 - 04:11 AM (IST)

6 ਗੋਲੀਆਂ ਨਾਲ ਭਰਿਆ 32 ਬੋਰ ਦਾ ਰਿਵਾਲਵਰ ਲੈ ਕੇ 3 ਨੌਜਵਾਨ ਫਰਾਰ

ਜਲੰਧਰ, (ਰਾਜੇਸ਼, ਮਾਹੀ)- ਨਵਾਂ ਮਕਾਨ ਬਣਾਉਣ ਲਈ ਲੱਖਾਂ ਰੁਪਏ ਦਾ ਸਰੀਆ ਖਰੀਦਣ ਦੇ ਬਹਾਨੇ ਦੁਕਾਨ 'ਚ ਵੜੇ 3 ਚੋਰ ਬਿਲਡਿੰਗ ਮਟੀਰੀਅਲ ਦੀ ਦੁਕਾਨ 'ਚੋਂ 32 ਬੋਰ ਦਾ ਰਿਵਾਲਵਰ ਅਤੇ 1.50 ਲੱਖ ਰੁਪਏ ਚੋਰੀ ਕਰ ਕੇ ਫਰਾਰ ਹੋ ਗਏ, ਜੋ ਰਿਵਾਲਵਰ ਚੋਰੀ ਕੀਤਾ ਸੀ ਉਸ 'ਚ 6 ਗੋਲੀਆਂ ਸਨ।  ਚੋਰ ਸਰੀਆ ਅਤੇ ਇੱਟਾਂ ਖਰੀਦਣ ਆਏ ਸਨ ਪਰ ਮਾਲਕ ਨੂੰ ਗੱਲਾਂ 'ਚ ਲਾ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਰਬਜੀਤ ਸਿੰਘ ਤੇ ਥਾਣਾ ਮਕਸੂਦਾਂ ਦੇ ਮੁਖੀ ਬਲਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਵਰਿਆਣਾ ਰੋਡ 'ਤੇ ਸਥਿਤ ਗਣਪਤੀ ਆਇਰਨ ਸਟੋਰ ਦੇ ਮਾਲਕ ਗਿਰਧਾਰੀ ਲਾਲ ਵਾਸੀ ਜਲੰਧਰ ਵਿਹਾਰ ਨੇ ਦੱਸਿਆ ਕਿ ਉਹ ਕਰੀਬ 11 ਵਜੇ ਦੁਕਾਨ 'ਤੇ ਬੈਠੇ ਸਨ ਕਿ ਆਪਣਾ 32 ਬੋਰ ਦਾ ਰਿਵਾਲਵਰ, ਜਿਸ 'ਚ 6 ਗੋਲੀਆਂ ਸਨ, ਨੂੰ ਗੱਲੇ 'ਚ ਰੱਖਿਆ ਹੋਇਆ ਸੀ ਉਦੋਂ ਹੀ 3 ਨੌਜਵਾਨ ਦੁਕਾਨ 'ਚ ਆਏ ਅਤੇ ਕਹਿਣ ਲੱਗੇ ਕਿ ਮਕਾਨ ਬਣਾਉਣ ਲਈ ਸਰੀਆ ਅਤੇ ਇੱਟਾਂ ਚਾਹੀਦੀਆਂ ਹਨ। ਉਕਤ 2 ਨੌਜਵਾਨਾਂ ਨੂੰ ਸਰੀਆ ਦਿਖਾਉਣ ਲਈ ਉਹ ਪਿੱਛੇ ਖੁੱਲ੍ਹੇ ਥਾਂ 'ਤੇ ਲੈ ਗਏ, ਜਿੱਥੇ ਸਰੀਆ ਪਿਆ ਹੋਇਆ ਸੀ। ਕੁਝ ਦੇਰ ਬਾਅਦ ਉਕਤ 3 ਲੋਕ ਦੁਕਾਨ 'ਚੋਂ ਸਰੀਆ ਅਤੇ ਇੱਟਾਂ ਦਾ ਰੇਟ ਪਤਾ ਕਰ ਕੇ ਦੁਕਾਨ 'ਚੋਂ ਬਾਹਰ ਚਲੇ ਗਏ। ਜਦੋਂ ਉਹ ਆ ਕੇ ਆਪਣੀ ਕੁਰਸੀ 'ਤੇ ਬੈਠੇ ਤਾਂ ਦੇਖਿਆ ਕਿ ਗੱਲਾ ਖੁੱਲ੍ਹਿਆ ਹੋਇਆ ਸੀ। ਉਸ 'ਚ ਪਿਆ ਉਨ੍ਹਾਂ ਦਾ 32 ਬੋਰ ਦਾ ਰਿਵਾਲਵਰ ਅਤੇ 1.50 ਲੱਖ ਦੀ ਨਕਦੀ ਉਕਤ ਨੌਜਵਾਨ ਲੈ ਕੇ ਫਰਾਰ ਹੋ ਗਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਦੁਕਾਨ 'ਚ ਸੀ. ਸੀ. ਟੀ. ਵੀ. ਕੈਮਰੇ ਨਾ ਲੱਗੇ ਹੋਣ ਕਾਰਨ ਵਾਰਦਾਤ ਕਰਨ ਵਾਲਿਆਂ ਨੂੰ ਲੱਭਣ 'ਚ ਪੁਲਸ ਨੂੰ ਕਾਫੀ ਪ੍ਰੇਸ਼ਾਨੀ ਆ ਰਹੀ ਹੈ। ਪੁਲਸ ਦੁਕਾਨ ਦੇ ਨੇੜੇ ਲੱਗੇ ਕੈਮਰਿਆਂ ਨੂੰ ਖੰਗਾਲਣ 'ਚ ਲੱਗੀ ਹੈ। ਪੁਲਸ ਵਾਰਦਾਤ ਵਾਲੀ ਜਗ੍ਹਾ ਤੋਂ ਕੁਝ ਦੂਰੀ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ 3 ਨੌਜਵਾਨਾਂ ਦੀਆਂ ਫੋਟੋਆਂ ਮਿਲੀਆਂ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਅਣਪਛਾਤੇ ਲੁਟੇਰਿਆਂ 'ਤੇ ਮਾਮਲਾ ਦਰਜ ਕਰ ਲਿਆ ਹੈ। 32 ਬੋਰ ਦੇ ਪਿਸਤੌਲ ਦੇ ਨਾਲ 6 ਗੋਲੀਆਂ ਲੈ ਕੇ ਜਾਣ ਕਾਰਨ ਪੁਲਸ ਦੇ ਹੱਥ ਪੈਰ ਫੁੱਲ ਗਏ ਹਨ। ਦੁਕਾਨ 'ਚ ਆਏ ਚੋਰ ਵੱਡੀ ਵਾਰਦਾਤ ਦੀ ਫਿਰਾਕ 'ਚ ਹਨ। ਪੁਲਸ ਲੁਟੇਰਿਆਂ ਦੀ ਭਾਲ 'ਚ ਲੱਗੀ ਹੈ।
ਰਿਵਾਲਵਰ ਦਾ ਲਾਇਸੈਂਸ ਵੀ ਲੱਗਾ ਚੋਰਾਂ ਦੇ ਹੱਥ
ਬਿਲਡਿੰਗ ਮਟੀਰੀਅਲ ਦੀ ਦੁਕਾਨ 'ਚੋਂ ਰਿਵਾਲਵਰ ਲੈ ਕੇ ਫਰਾਰ ਹੋਏ 3 ਚੋਰਾਂ ਦੇ ਹੱਥ ਰਿਵਾਲਵਰ ਦਾ ਲਾਇਸੈਂਸ ਵੀ ਲੱਗ ਗਿਆ ਹੈ। ਉਕਤ ਚੋਰਾਂ ਨੇ ਰਿਵਾਲਵਰ ਦੇ ਨਾਲ ਪਏ 1.50 ਲੱਖ ਵੀ ਗੱਲੇ 'ਚ ਪਏ ਚੋਰੀ ਕਰ ਲਏ ਹਨ। ਇਹ ਪੁਲਸ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।


Related News