3 ਹਥਿਆਰਬੰਦ ਲੁਟੇਰਿਆਂ ਕਰਮਚਾਰੀਆਂ ਨੂੰ ਬੰਦੀ ਬਣਾ ਕੇ 35 ਹਜ਼ਾਰ ਲੁੱਟੇ
Sunday, Aug 13, 2017 - 08:14 AM (IST)
ਕਿਸ਼ਨਗੜ੍ਹ/ਜਲੰਧਰ, (ਬੈਂਸ, ਪ੍ਰੀਤ, ਮਾਹੀ)— ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਮੋਖੇ ਵਿਖੇ ਸਥਿਤ ਪੁਨੀਤ ਗੈਸ ਏਜੰਸੀ ਦੇ ਗੋਦਾਮ ਤੋਂ 3 ਹਥਿਆਰਬੰਦ ਲੁਟੇਰੇ ਕਰਮਚਾਰੀਆਂ ਨੂੰ ਬੰਦੀ ਬਣਾ ਕੇ ਕਰੀਬ 35 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਨਕਾਬਪੋਸ਼ ਲੁਟੇਰਿਆਂ ਨੇ ਕਰਮਚਾਰੀਆਂ ਨੂੰ ਪਹਿਲਾਂ ਬੰਦੀ ਬਣਾਇਆ ਅਤੇ ਫਿਰ ਨਕਦੀ ਲੁੱਟ ਕੇ ਭੱਜਦੇ ਸਮੇਂ ਉਨ੍ਹਾਂ ਨੂੰ ਖੋਲ੍ਹ ਦਿੱਤਾ। ਥਾਣਾ ਮਕਸੂਦਾਂ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਨੀਤ ਗੈਸ ਏਜੰਸੀ ਦੇ ਕਰਮਚਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਗੋਦਾਮ ਪਿੰਡ ਮੋਖੇ ਵਿਚ ਹੈ। ਅੱਜ ਦੁਪਹਿਰ ਕਰੀਬ 1.45 ਵਜੇ ਉਨ੍ਹਾਂ ਦੇ ਗੋਦਾਮ ਵਿਚ 3 ਕਰਮਚਾਰੀ ਅਭੈ ਰਾਜ, ਰਾਕੇਸ਼ ਚੌਧਰੀ ਅਤੇ ਰਣਜੀਤ ਕੁਮਾਰ ਮੌਜੂਦ ਸਨ। ਉਹ ਆਪਣਾ ਕੰਮ ਕਰ ਰਹੇ ਸਨ। ਗੋਦਾਮ ਦਾ ਛੋਟਾ ਗੇਟ ਖੁੱਲ੍ਹਾ ਹੋਇਆ ਸੀ।
3 ਨਕਾਬਪੋਸ਼ ਲੁਟੇਰੇ ਛੋਟੇ ਗੇਟ ਤੋਂ ਗੋਦਾਮ ਵਿਚ ਦਾਖਲ ਹੋਏ ਅਤੇ ਤਿੰਨਾਂ ਕਰਮਚਾਰੀਆਂ ਨੂੰ ਗੰਨ ਪੁਆਇੰਟ 'ਤੇ ਲੈ ਲਿਆ। ਦਿਨੇਸ਼ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਨੇ ਮਾਰ ਦੇਣ ਦੀ ਧਮਕੀ ਦੇ ਕੇ ਸਾਰਿਆਂ ਦੀ ਜੇਬ ਤੋਂ ਨਕਦੀ ਖੋਹ ਲਈ ਅਤੇ ਫਿਰ ਗੱਲੇ ਦੀ ਚਾਬੀ ਖੋਹ ਕੇ ਉਸ ਵਿਚੋਂ ਨਕਦੀ ਲੁੱਟ ਲਈ। ਲੁਟੇਰੇ ਕਰੀਬ 10 ਮਿੰਟ ਤੱਕ ਗੋਦਾਮ ਵਿਚ ਰਹੇ।
ਦਿਨੇਸ਼ ਨੇ ਦੱਸਿਆ ਕਿ ਲੁਟੇਰਿਆਂ ਨੇ ਪਹਿਲਾਂ ਤਿੰਨਾਂ ਕਰਮਚਾਰੀਆਂ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਜਦੋਂ ਨਕਦੀ ਲੁੱਟ ਲਈ ਤਾਂ ਇਕ ਲੁਟੇਰੇ ਨੇ ਮੋਟਰਸਾਈਕਲ ਸਟਾਰਟ ਕੀਤਾ। ਜਦੋਂ ਲੁਟੇਰੇ ਨੇ ਹਾਰਨ ਵਜਾਇਆ ਤਾਂ ਗੋਦਾਮ ਵਿਚ ਮੌਜੂਦ ਇਕ ਲੁਟੇਰੇ ਨੇ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਭੱਜ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ।
ਦਿਨੇਸ਼ ਕੁਮਾਰ ਨੇ ਦੱਸਿਆ ਕਿ ਲੁਟੇਰੇ ਅਭੈ ਰਾਜ ਤੋਂ 3 ਹਜ਼ਾਰ ਰੁਪਏ, ਰਾਕੇਸ਼ ਚੌਧਰੀ ਤੋਂ 5 ਹਜ਼ਾਰ ਰੁਪਏ, ਰਣਜੀਤ ਕੁਮਾਰ ਤੋਂ 600 ਅਤੇ ਗੱਲੇ ਤੋਂ 27 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਕਰਮਚਾਰੀਆਂ ਨੇ ਵਾਰਦਾਤ ਦੀ ਸੂਚਨਾ ਤੁਰੰਤ ਏਜੰਸੀ ਮਾਲਕਾਂ ਨੂੰ ਦਿੱਤੀ ਤੇ ਫਿਰ ਮਕਸੂਦਾਂ ਪੁਲਸ ਨੂੰ ਇਸ ਬਾਰੇ ਦੱਸਿਆ। ਦਿਨੇਸ਼ ਕੁਮਾਰ ਮੁਤਾਬਕ ਗੋਦਾਮ ਤੇ ਆਲੇ-ਦੁਆਲੇ ਕੋਈ ਸੀ. ਸੀ. ਟੀ. ਵੀ.ਕੈਮਰਾ ਨਹੀਂ ਲੱਗਾ ਹੈ। ਥਾਣਾ ਮਕਸੂਦਾਂ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
