ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਤਿੰਨ ਦੋਸਤਾਂ ਦੀ ਸੜਕ ਹਾਦਸੇ ’ਚ ਮੌਤ
Monday, Mar 15, 2021 - 09:27 PM (IST)
 
            
            ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਰਾਤ ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਝਾੜ ਸਾਹਿਬ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਮੋਟਰਸਾਈਕਲ ’ਤੇ ਜਾ ਰਹੇ 3 ਪਰਵਾਸੀ ਮਜ਼ਦੂਰਾਂ, ਜੋ ਕਿ ਆਪਸ ਵਿਚ ਦੋਸਤ ਸਨ, ਨੂੰ ਅਣਪਛਾਤੇ ਵਾਹਨ ਨੇ ਦਰੜ ਦਿੱਤਾ। ਇਨ੍ਹਾਂ ਵਿਚ ਰੋਹਿਤ ਕੁਮਾਰ (24) ਤੇ ਸਚਿਨ ਸਾਹਨੀ (20) ਵਾਸੀ ਤੁਰਕੀ ਬੜੀਆ, ਥਾਣਾ ਪਾਤੇਪੁਰ, ਜ਼ਿਲ੍ਹਾ ਬੇਸਾਲੀ (ਬਿਹਾਰ) ਹਾਲ ਵਾਸੀ ਥਰੀਕੇ ਕਾਲੋਨੀ, ਬਸੰਤ ਸਿਟੀ ਲੁਧਿਆਣਾ ਅਤੇ ਅਵਲੇਸ਼ ਕੁਮਾਰ (21) ਵਾਸੀ ਹਰਿਆਵਰ, ਥਾਣਾ ਬਾਗਰਮਾਉ ਜ਼ਿਲ੍ਹਾ ਉਨਾਊ (ਯੂ.ਪੀ.) ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿੰਨੋ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੁਧਿਆਣਾ ਤੋਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਘਰੋਂ ਨਿਕਲੇ ਸਨ ਕਿ ਮਾਛੀਵਾੜਾ ਦੇ ਪਿੰਡ ਝਾੜ ਸਾਹਿਬ ਨੇੜੇ ਸਰਹਿੰਦ ਨਹਿਰ ਕਿਨਾਰੇ ਬਣੀ ਸੜਕ ’ਤੇ ਕੋਈ ਅਣਪਛਾਤਾ ਟਰੱਕ ਇਨ੍ਹਾਂ ਨੂੰ ਦਰੜ ਗਿਆ। ਇਸ ਹਾਦਸੇ ’ਚ ਤਿੰਨਾਂ ਦੇ ਹੀ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਮਾਛੀਵਾੜਾ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਲੁਧਿਆਣਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਲੁਧਿਆਣਾ ਵਿਖੇ ਇਲਾਜ ਦੌਰਾਨ ਰੋਹਿਤ ਕੁਮਾਰ, ਸਚਿਨ ਸਾਹਨੀ ਅਤੇ ਅਵਲੇਸ਼ ਕੁਮਾਰ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟਰੱਕ ਚਾਲਕ ਵਾਹਨ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਵਲੋਂ ਤਿੰਨਾਂ ਹੀ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਵਾਰਿਸਾ ਨੂੰ ਸੌਂਪ ਦਿੱਤੀਆਂ ਅਤੇ ਅਣਪਛਾਤੇ ਵਾਹਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            