ਬੰਦ ਘਰ ’ਚ ਚੋਰੀ, ਨਾਬਾਲਗ ਸਮੇਤ 3 ਗ੍ਰਿਫ਼ਤਾਰ
Thursday, Dec 26, 2024 - 12:59 PM (IST)
ਮੋਹਾਲੀ (ਨਿਆਮੀਆਂ) : ਪੁਲਸ ਵੱਲੋਂ ਬੰਦ ਘਰਾਂ ’ਚੋਂ ਚੋਰੀ ਕਰਨ ਵਾਲੇ ਨਾਬਾਲਗ ਸਮੇਤ 3 ਮੁਲਜ਼ਮਾਂ ਨੂੰ ਗਹਿਣਿਆਂ ਤੇ ਹੋਰ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਸ਼ੀਸ਼ ਪਾਸੀ ਤੇ ਸੰਜੇ ਵਾਸੀ ਸੈਕਟਰ-49 ਸੀ ਚੰਡੀਗੜ੍ਹ ਵਜੋਂ ਹੋਈ ਹੈ। ਥਾਣਾ ਮਟੌਰ ਮੁਖੀ ਅਮਨ ਅਨੁਸਾਰ ਨਾਬਾਲਗ ਦੀ ਨਿਸ਼ਾਨਦੇਹੀ ’ਤੇ ਅਸ਼ੀਸ਼ ਨੂੰ ਫੇਜ਼-10 ’ਚ ਮਾਨਵ ਮੰਗਲ ਸਕੂਲ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਤੋਂ ਬਾਅਦ ਸੰਜੇ ਨੂੰ ਫੇਜ਼-10-11 ਦੀਆਂ ਟ੍ਰੈਫਿਕ ਲਾਈਟਾਂ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ।
ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚਾਂਦੀ ਦੀਆਂ 3 ਕੋਲੀਆਂ, 3 ਟਰੇਆਂ, ਚਮਚ, ਹਾਰ, 10 ਸਿੱਕੇ, 4 ਮੋਬਾਈਲ, 2500 ਰੁਪਏ, ਪੁਰਾਣੇ ਤੇ ਨਵੇਂ ਸਿੱਕੇ ਕਰੀਬ ਇਕ ਕਿਲੋ ਅਤੇ ਰਾਡ ਬਰਾਮਦ ਕੀਤੀ ਗਈ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ 16 ਦਸੰਬਰ ਨੂੰ ਉਹ ਤੇ ਪਤਨੀ ਡਿਊਟੀ ’ਤੇ ਗਏ ਸਨ। ਦੁਪਹਿਰ ਕਰੀਬ ਸਾਢੇ 3 ਵਜੇ ਜਦੋਂ ਪਤਨੀ ਘਰ ਪਹੁੰਚੀ ਤਾਂ ਦੇਖਿਆ ਕਿ ਦਰਵਾਜ਼ਾ ਅੰਦਰੋਂ ਖੁੱਲ੍ਹ ਨਹੀਂ ਰਿਹਾ। ਗੁਆਂਢੀਆ ਦੀ ਮਦਦ ਨਾਲ ਲਾਕ ਤੋੜਿਆ ਤੇ ਅੰਦਰ ਜਾ ਕੇ ਦੇਖਿਆ ਕਿ ਸਾਮਾਨ ਖਿੱਲਰਿਆ ਪਿਆ ਹੈ ਤੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ ਸੀ।