ਮਾਛੀਵਾੜਾ ਇਲਾਕੇ ਲਈ ਰਾਹਤ ਭਰੀ ਖ਼ਬਰ, 3 ਮਰੀਜ਼ਾਂ ਨੇ ਕੋਰੋਨਾ ''ਤੇ ਕੀਤੀ ਜਿੱਤ ਹਾਸਿਲ

Tuesday, May 19, 2020 - 08:25 PM (IST)

ਮਾਛੀਵਾੜਾ ਇਲਾਕੇ ਲਈ ਰਾਹਤ ਭਰੀ ਖ਼ਬਰ, 3 ਮਰੀਜ਼ਾਂ ਨੇ ਕੋਰੋਨਾ ''ਤੇ ਕੀਤੀ ਜਿੱਤ ਹਾਸਿਲ

ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅੱਜ ਹਰ ਕੋਈ ਵਿਅਕਤੀ ਖੌਫ਼ 'ਚ ਜ਼ਿੰਦਗੀ ਬਤੀਤ ਕਰ ਰਿਹਾ ਹੈ ਪਰ ਮਾਛੀਵਾੜਾ ਇਲਾਕੇ ਲਈ ਰਾਹਤ ਦੀ ਖ਼ਬਰ ਹੈ ਕਿਉਂਕਿ ਇਸ ਖੇਤਰ ਦੇ ਤਿੰਨ ਕੋਰੋਨਾ ਪੀੜਤ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਨੇੜ੍ਹਲੇ ਪਿੰਡ ਮੁਬਾਰਕਪੁਰ ਦੇ ਵਾਸੀ ਮਿੱਤਰ ਸਿੰਘ ਅਤੇ ਅੰਗਰੇਜ਼ ਸਿੰਘ ਜੋ ਕਿ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਕੰਬਾਇਨਾਂ ਦਾ ਕੰਮ ਕਰਨ ਗਏ ਸਨ। ਲਾਕਡਾਊਨ ਹੋਣ ਕਾਰਨ ਉਹ ਉਥੋਂ ਸ੍ਰੀ ਹਜ਼ੂਰ ਸਾਹਿਬ ਚਲੇ ਗਏ। 1 ਮਈ ਨੂੰ ਇਹ ਦੋਵੇਂ ਵਿਅਕਤੀ ਸ੍ਰੀ ਹਜ਼ੂਰ ਸਾਹਿਬ ਤੋਂ ਬੱਸਾਂ ਰਾਹੀਂ ਲੁਧਿਆਣਾ ਪਹੁੰਚੇ। ਉਸ ਤੋਂ ਬਾਅਦ ਸਿਹਤ ਵਿਭਾਗ ਨੇ ਉਨ੍ਹਾਂ ਦੇ ਸੈਂਪਲ ਲਏ ਤਾਂ ਦੋਵੇਂ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ।
ਮੁਬਾਰਕਪੁਰ ਵਾਸੀ ਉਕਤ ਦੋਹਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਲੁਧਿਆਣਾ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਉਹ ਕਰੀਬ 17 ਦਿਨ ਇਲਾਜ ਅਧੀਨ ਰਹੇ ਪਰ ਇਸ ਦੌਰਾਨ ਉਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਖੰਘ, ਜ਼ੁਕਾਮ ਅਤੇ ਬੁਖਾਰ ਕੋਈ ਵੀ ਦਿਖਾਈ ਨਾ ਦਿੱਤੇ। ਸਿਹਤ ਵਿਭਾਗ ਵਲੋਂ ਇਨ੍ਹਾਂ ਨੂੰ ਤੰਦਰੁਸਤ ਕਰਾਰ ਦੇ ਕੇ ਆਪਣੇ ਘਰਾਂ 'ਚ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ ► ਚੀਫ਼ ਸੈਕਟਰੀ ਦੇ ਬਾਈਕਾਟ ਦਾ ਐਲਾਨ ਹਵਾ-ਹਵਾਈ, ਮੰਤਰੀਆਂ ਨਾਲ ਹੋਈ ਬੈਠਕ 

ਮਿੱਤਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਈ ਦਿਨਾਂ ਬਾਅਦ ਆਪਣੇ ਘਰ ਮੁਬਾਰਕਪੁਰ ਪੁੱਜਾ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਸ ਨੂੰ ਬਹੁਤ ਖੁਸ਼ੀ ਹੋਈ। ਦੂਸਰੇ ਪਾਸੇ ਸਿਹਤ ਵਿਭਾਗ ਵਲੋਂ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ 14 ਦਿਨ ਆਪਣੇ ਘਰਾਂ 'ਚ ਇਕਾਂਤਵਾਸ ਰਹਿਣਗੇ ਅਤੇ ਰੋਜ਼ਾਨਾ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਜਾਂਚ ਕਰੇਗੀ। ਇਸੇ ਤਰ੍ਹਾਂ ਨੇੜ੍ਹਲੇ ਪਿੰਡ ਮਾਛੀਵਾੜਾ ਖਾਮ ਦਾ ਕਿਸਾਨ ਜੋ ਨੱਕ ਬੰਦ ਦੀ ਸਮੱਸਿਆ ਕਾਰਨ ਨਵਾਂਸ਼ਹਿਰ ਵਿਖੇ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਵਾਉਣ ਗਿਆ ਸੀ ਪਰ ਜਦੋਂ ਉਸ ਦਾ ਕੋਰੋਨਾ ਟੈਸਟ ਕੀਤਾ ਤਾਂ ਉਹ ਪਾਜ਼ੇਟਿਵ ਆ ਗਿਆ, ਜਿਸ ਨੂੰ 7 ਮਈ ਨੂੰ ਲੁਧਿਆਣਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਕਤ ਕਿਸਾਨ ਵਿਚ ਵੀ ਕੋਰੋਨਾ ਨਾਲ ਸੰਬੰਧਿਤ ਕੋਈ ਲੱਛਣ ਦਿਖਾਈ ਨਾ ਦੇਣ ਕਾਰਨ ਉਸ ਨੂੰ ਡਾਕਟਰਾਂ ਨੇ ਲੰਘੀ ਸ਼ਾਮ 18 ਮਈ ਨੂੰ ਘਰ ਭੇਜ ਦਿੱਤਾ ਅਤੇ 14 ਦਿਨਾਂ ਲਈ ਇਕਾਂਤਵਾਸ ਰਹਿਣ ਲਈ ਕਿਹਾ। ਮਾਛੀਵਾੜਾ ਇਲਾਕੇ 'ਚ ਇਹ ਤਿੰਨ ਵਿਅਕਤੀ ਹੀ ਕੋਰੋਨਾ ਪਾਜ਼ੇਟਿਵ ਆਏ ਸਨ ਪਰ ਇਹ ਸਾਰੇ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਆਏ ਹਨ, ਜਿਸ ਕਾਰਨ ਲੋਕਾਂ ਨੇ ਰਾਹਤ ਮਹਿਸੂਸ ਕੀਤੀ। 

ਇਹ ਵੀ ਪੜ੍ਹੋ ► ਐੱਲ. ਪੀ. ਯੂ. ਦੇ ਵਿਗਿਆਨੀਆਂ ਨੇ ਕੋਵਿਡ-19 ਦਾ ਪਤਾ ਲਗਾਉਣ ਲਈ ਵਿਕਸਿਤ ਕੀਤਾ ਸਾਫਟਵੇਅਰ      ► ਸਰਕਾਰ ਦਾ ਵੱਡਾ ਐਲਾਨ, ਕੋਰੋਨਾ ਨੂੰ ਹਰਾਉਣ ਲਈ ਆਯੁਰਵੇਦਿਕ ਦਵਾਈ ਬਣਾਉਣ ਦਾ ਫੈਸਲਾ 

ਕਿਸਾਨ ਤੰਦਰੁਸਤ ਹੋ ਘਰ ਨੂੰ ਪਰਤਿਆ ਪਰ ਬੈਂਕ ਅਜੇ ਵੀ ਸੀਲ
ਪਿੰਡ ਮਾਛੀਵਾੜਾ ਖਾਮ ਦੇ ਕਿਸਾਨ ਨੂੰ ਜਿਸ ਸਮੇਂ ਸਿਹਤ ਵਿਭਾਗ ਨੇ ਸੂਚਨਾ ਦਿੱਤੀ ਕਿ ਉਸਦੀ ਰਿਪੋਰਟ ਪਾਜ਼ੇਟਿਵ ਆਈ ਹੈ , ਉਸ ਸਮੇਂ ਉਹ ਮਾਛੀਵਾੜਾ ਦੇ ਐੱਸ. ਬੀ. ਆਈ. ਬੈਂਕ ਅੰਦਰ ਆਪਣੇ ਪੈਸੇ ਦਾ ਲੈਣ-ਦੇਣ ਦਾ ਕੰਮ ਕਰ ਰਿਹਾ ਸੀ। ਜਿਉਂ ਹੀ ਬੈਂਕ 'ਚ ਪਤਾ ਲੱਗਿਆ ਕਿ ਇੱਥੇ ਕੋਰੋਨਾ ਪਾਜ਼ੇਟਿਵ ਮਰੀਜ਼ ਆਇਆ ਹੈ ਤਾਂ ਬੈਂਕ 'ਚ ਅਫਰਾ-ਤਫੜੀ ਮਚ ਗਈ। ਜਿਸਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਇਸ ਬੈਂਕ ਨੂੰ ਸੀਲ ਕਰ ਸਮੂਹ ਸਟਾਫ਼ ਤੇ ਉਸ ਸਮੇਂ ਮੌਜੂਦ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਗਈ। ਸਿਹਤ ਵਿਭਾਗ ਵਲੋਂ ਕਰੀਬ 150 ਤੋਂ ਵੱਧ ਪਰਿਵਾਰਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਸੀ। 11 ਦਿਨ ਬਾਅਦ ਮਾਛੀਵਾੜਾ ਖਾਮ ਦਾ ਕਿਸਾਨ ਤੰਦਰੁਸਤ ਹੋ ਘਰ ਨੂੰ ਪਰਤ ਆਇਆ ਪਰ ਉਹ ਬੈਂਕ ਅਜੇ ਵੀ ਸੀਲ ਹੈ ਅਤੇ ਸਾਰਾ ਕੰਮਕਾਜ ਠੱਪ ਪਿਆ ਹੈ।


author

Anuradha

Content Editor

Related News