ਪੰਜਾਬ ਕਾਂਗਰਸ ਨੂੰ ਲੱਗਣਗੇ ਹੋਰ ਝਟਕੇ! 2 MP ਭਾਜਪਾ ਦੇ ਸੰਪਰਕ 'ਚ, ਇਕ ਹੋਰ ਵਿਧਾਇਕ AAP ਵੱਲੋਂ ਲੜ ਸਕਦੈ ਚੋਣ

03/21/2024 8:37:03 AM

ਚੰਡੀਗੜ੍ਹ (ਹਰੀਸ਼ਚੰਦਰ): ਪੰਜਾਬ ’ਚ ਆਗਾਮੀ ਲੋਕ ਸਭਾ ਚੋਣ ਤੋਂ ਪਹਿਲਾਂ ਵਧਦੀ ਸਿਆਸੀ ਗਰਮਾ-ਗਰਮੀ ਦਰਮਿਆਨ ਨੇਤਾਵਾਂ ਦੇ ਪੱਖ ਬਦਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਭਾਵੇਂ ਪੰਜਾਬ ’ਚ ਲੋਕ ਸਭਾ ਚੋਣਾਂ ਸਬੰਧੀ ਰਸਮੀ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਹੋਇਆ, ਪਰ ਹੁਣ ਤੱਕ ਆਮ ਆਦਮੀ ਪਾਰਟੀ ਇਸ ਖੇਡ ’ਚ ਬਾਜੀ ਮਾਰਦੀ ਨਜ਼ਰ ਆ ਰਹੀ ਹੈ। ਸਭ ਤੋਂ ਪਹਿਲਾਂ 8 ਉਮੀਦਵਾਰਾਂ ਦਾ ਐਲਾਨ ਕੀਤਾ ਜਿੰਨ੍ਹਾਂ ’ਚ ਇੱਕ ਖਾਸ ਨਾਮ ਗੁਰਪ੍ਰੀਤ ਸਿੰਘ ਜੀ.ਪੀ. ਦਾ ਹੈ, ਜੋ ਹਾਲ ’ਚ ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋਏ ਸਨ।

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੀ ਪ੍ਰੀਖਿਆਵਾਂ ਵਿਚਾਲੇ ਸਿੱਖਿਆ ਵਿਭਾਗ ਦੇ ਨਵੇਂ ਫੁਰਮਾਨ ਨੇ ਚੱਕਰਾਂ 'ਚ ਪਾਏ ਅਧਿਆਪਕ

ਇਸ ਤੋਂ ਇਲਾਵਾ ਚੱਬੇਵਾਲ ਤੋਂ ਵਿਧਾਇਕ ਤੇ ਕਾਂਗਰਸ ਵਿਧਾਇਕ ਦਲ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਨੇ ਅਚਾਨਕ ‘ਆਪ’ ’ਚ ਸ਼ਾਮਲ ਹੋ ਕੇ ਨਾ ਸਿਰਫ਼ ਸੂਬੇ ਦੀ ਸਮੁੱਚੀ ਕਾਂਗਰਸ ਸਗੋਂ ਹੁਸ਼ਿਆਰਪੁਰ ਹਲਕੇ ਦੇ ‘ਆਪ’ ਆਗੂਆਂ ਨੂੰ ਵੀ ਹੈਰਾਨ ਕਰ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਡਾ. ਚੱਬੇਵਾਲ ਹੁਸ਼ਿਆਰਪੁਰ ਤੋਂ ‘ਆਪ’ ਦੇ ਲੋਕ ਸਭਾ ਉਮੀਦਵਾਰ ਹੋਣਗੇ।

ਪੱਖ ਬਦਲਣ ਦੀ ਇਹ ਸਿਆਸਤ ਅਗਲੇ ਮਹੀਨੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਦੇ ਦੋ ਮੌਜੂਦਾ ਸੰਸਦ ਮੈਂਬਰਾਂ ਨੇ ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਨਾਲ ਸੰਪਰਕ ਕੀਤਾ ਹੈ। ਇਹ ਮਾਲਵੇ ਦੀਆਂ 2 ਸੀਟਾਂ ’ਤੇ ਦਾਅਵਾ ਪੇਸ਼ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਇਕ ਦੀ ਨਜ਼ਰ ਚੰਡੀਗੜ੍ਹ ਲੋਕ ਸਭਾ ਸੀਟ ’ਤੇ ਵੀ ਟਿਕੀ ਹੋਈ ਹੈ। ਉਕਤ ਸੰਸਦ ਮੈਂਬਰ ਦੀ ਤਰਜੀਹ ਚੰਡੀਗੜ੍ਹ ਸੀਟ ਹੈ ਪਰ ਅਜਿਹਾ ਨਾ ਹੋਣ ’ਤੇ ਉਹ ਬਾਕੀ ਦੋ ਸੀਟਾਂ ’ਚੋਂ ਕਿਸੇ ਇੱਕ ’ਤੇ ਵੀ ਚੋਣ ਲੜਨ ਲਈ ਤਿਆਰ ਹਨ।

ਦੂਜੇ ਪਾਸੇ ‘ਕਮਲ’ ਦਾ ਪੱਲਾ ਫੜਨ ਲਈ ਉਤਾਵਲੇ ਦੂਜੇ ਸੰਸਦ ਮੈਂਬਰ ਦੀ ਨਜ਼ਰ ਆਪਣੀ ਰਵਾਇਤੀ ਸੀਟ ’ਤੇ ਹੀ ਟਿਕੀ ਹੈ। ਉਹ ਭਾਜਪਾ ਵੱਲੋਂ ਸ਼ਰਤੀਆ ਉਮੀਦਵਾਰ ਬਣਨਾ ਚਾਹੁੰਦੇ ਹਨ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਉਹ ਅਕਾਲੀ ਦਲ ਨਾਲ ਬਿਨ੍ਹਾਂ ਗਠਜੋੜ ਕੀਤੇ ਚੋਣ ਲੜਨ ਦੇ ਹੱਕ ਵਿਚ ਹਨ। ਇਹ ਦੋਵੇਂ ਸੰਸਦ ਮੈਂਬਰ ਨਾ ਸਿਰਫ਼ ਸੀਨੀਅਰ ਹਨ, ਸਗੋਂ ਦੋਵਾਂ ਵਿਚਕਾਰ ਲੰਬੇ ਸਮੇਂ ਤੋਂ 36 ਦਾ ਆਂਕੜਾ ਵੀ ਰਿਹਾ ਹੈ। ਇੱਛਾ ਇਹੋ ਹੈ ਕਿ ਜੇਕਰ ਨਤੀਜੇ ਆਉਣ ਤੋਂ ਬਾਅਦ ਭਾਜਪਾ ਨੂੰ ਬਹੁਮਤ ਮਿਲਦਾ ਹੈ ਤੇ ਇਹ ਆਗੂ ਚੋਣ ਜਿੱਤ ਜਾਂਦੇ ਹਨ ਤਾਂ ਆਪਣੀ ਸੀਨੀਅਰਤਾ ਤੇ ਤਜ਼ਰਬੇ ਦੇ ਆਧਾਰ ’ਤੇ ਕੇਂਦਰ ’ਚ ਮੰਤਰੀ ਦੇ ਦਾਅਵੇਦਾਰ ਬਣ ਜਾਣਗੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 5195 ਵੋਟਰਾਂ ਦੀ ਉਮਰ 100 ਸਾਲ ਤੋਂ ਵੀ ਜ਼ਿਆਦਾ, 85 ਸਾਲ ਤੋਂ ਵੱਧ ਉਮਰ ਦੇ 2.57 ਲੱਖ ਵੋਟਰ, ਪੜ੍ਹੋ ਵੇਰਵੇ

ਪੰਜਾਬ ਭਾਜਪਾ ਦੇ ਇਕ ਸੀਨੀਅਰ ਆਗੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਦੋਵੇਂ ਹੀ ਪਾਰਟੀ ’ਚ ਉੱਚ ਪੱਧਰ ਦੇ ਸੰਪਰਕ ’ਚ ਹਨ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇਕਰ ਇਹ ਦੋਵੇਂ ਭਾਜਪਾ ’ਚ ਸ਼ਾਮਲ ਹੋ ਜਾਂਦੇ ਹਨ ਤਾਂ ਇੰਨ੍ਹਾਂ ਹਲਕਿਆਂ ਤੋਂ ਉਹੋ ਹੀ ਪਾਰਟੀ ਦੀ ਪਹਿਲੀ ਪਸੰਦ ਹੋਣਗੇ। ਉਂਜ, ਇਸ ਵਿਚ ਮੁੱਖ ਅੜਿੱਕਾ ਇਹ ਹੈ ਕਿ ਹਾਲੇ ਅਕਾਲੀ ਦਲ ਨਾਲ ਗਠਜੋੜ ਬਾਰੇ ਸਥਿਤੀ ਸਪੱਸ਼ਟ ਨਹੀਂ ਹੋਈ ਹੈ। ਜੇਕਰ ਗਠਜੋੜ ਹੁੰਦਾ ਹੈ ਤੇ ਭਾਜਪਾ ਨੂੰ ਇਹ ਦੋਵੇਂ ਹਲਕੇ ਮਿਲ ਜਾਂਦੇ ਹਨ ਤਾਂ ਹੀ ਕਾਂਗਰਸੀ ਸੰਸਦ ਮੈਂਬਰਾਂ ਦੀ ਦਾਲ ਗਲੇਗੀ।

ਇਸ ਦੌਰਾਨ ਇਕ ਹੋਰ ਵਿਧਾਇਕ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵੀ ਤੇਜ਼ ਹੋ ਗਈਆਂ ਹਨ। ਉਕਤ ਵਿਧਾਇਕ ਦੀ ‘ਆਪ’ ਲੀਡਰਸ਼ਿਪ ਨਾਲ ਗੱਲਬਾਤ ਚੱਲ ਰਹੀ ਹੈ। ਵਿਧਾਇਕ ਦੇ ਪਰਿਵਾਰ ਦਾ ਦੋ ਦਹਾਕਿਆਂ ਤੋਂ ਵੱਧ ਦਾ ਸਫ਼ਲ ਸਿਆਸੀ ਜੀਵਨ ਟਿਕਟ ਦੀ ਦਾਅਵੇਦਾਰੀ ਨੂੰ ਮਜ਼ਬੂਤ ਕਰਦਾ ਹੈ। ਜੇਕਰ ਗੱਲਬਾਤ ਸਿਰੇ ਚੜ੍ਹੀ ਤਾਂ ਦੋਆਬੇ ਤੋਂ ਇਸ ਵਿਧਾਇਕ ਲਈ ‘ਆਪ’ ਨੂੰ ਆਪਣੇ ਐਲਾਨੇ ਗਏ ਉਮੀਦਵਾਰਾਂ ’ਚੋਂ ਇਕ ਨੂੰ ਬਦਲਣਾ ਪਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News