ਨਸ਼ੀਲੇ ਪਦਾਰਥਾਂ ਸਮੇਤ ਅੰਤਰਜਾਰੀ ਗਿਰੋਹ ਦੇ 3 ਮੈਂਬਰ ਗ੍ਰਿਫਤਾਰ

Saturday, Feb 24, 2018 - 06:31 PM (IST)

ਨਸ਼ੀਲੇ ਪਦਾਰਥਾਂ ਸਮੇਤ ਅੰਤਰਜਾਰੀ ਗਿਰੋਹ ਦੇ 3 ਮੈਂਬਰ ਗ੍ਰਿਫਤਾਰ

ਹੁਸ਼ਿਆਰਪੁਰ (ਅਸ਼ਵਨੀ)— ਜ਼ਿਲਾ ਪੁਲਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਪੁਲਸ ਨੇ ਨਸ਼ਿਆਂ ਦੇ 3 ਵੱਡੇ ਸੌਦਾਗਰਾਂ ਨੂੰ ਗ੍ਰਿਫਤਾਰ ਕੀਤਾ। ਇਹ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਜੇ. ਏਲਿਨਚੇਲਿਅਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਦੀ ਅਗਵਾਈ 'ਚ ਪੁਲਸ ਨੇ ਅੰਤਰਰਾਜੀ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ 'ਚੋਂ ਲੱਖਾਂ ਰੁਪਏ ਦੇ ਮੁੱਲ ਦਾ ਚੂਰਾ ਪੋਸਤ ਅਤੇ ਇਕ ਕਿੱਲੋ ਅਫੀਮ ਬਰਾਮਦ ਕੀਤੀ। 
ਐੱਸ. ਐੱਸ. ਪੀ. ਨੇ ਦੱਸਿਆ ਕਿ ਸ਼ਨੀਵਾਰ ਤੜਕੇ ਲਗਭਗ 4 ਵਜੇ ਸੀ. ਆਈ. ਏ. ਸਟਾਫ ਦੀ ਇਕ ਪਾਰਟੀ ਨੇ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਅਤੇ ਸਬ ਇੰਸਪੈਕਟਰ ਰਤਨ ਚੰਦ ਦੀ ਅਗਵਾਈ 'ਚ ਥਾਣਾ ਗੜ੍ਹਸ਼ੰਕਰ ਅਧੀਨ ਬਗਵਾਈਂ ਰੋਡ ਦੇਣੋਵਾਲ ਖੁਰਦ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਪਿੰਡ ਦੇਣੋਵਾਲ ਖੁਰਦ ਦੇ ਜੀ. ਟੀ. ਰੋਡ 'ਤੇ ਚੜ੍ਹੀ ਇਕ ਸਵਿੱਫਟ ਕਾਰ ਨੰ. ਪੀ. ਬੀ. 74-0019 ਅਤੇ ਇੰਡੀਗੋ ਕਾਰ ਨੰ. ਪੀ. ਬੀ. 65-ਐੱਫ-0705 ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਕਤ ਸਮਾਨ ਬਰਾਮਦ ਹੋਇਆ। 
ਉਨ੍ਹਾਂ ਦੱਸਿਆ ਕਿ ਸਵਿੱਫਟ ਕਾਰ 'ਚੋਂ 3 ਕੁਇੰਟਲ ਚੂਰਾ ਪੋਸਤ, ਇਕ ਕਿੱਲੋ ਅਫੀਮ ਬਰਾਮਦ ਹੋਈ। ਜਦਕਿ ਇੰਡੀਗੋ ਕਾਰ 'ਚੋਂ ਇਕ ਕੁਇੰਟਲ ਚੂਰਾ ਪੋਸਤ ਬਰਾਮਦ ਹੋਇਆ। ਸਵਿਫਟ ਕਾਰ ਦੇ ਚਾਲਕ ਨੇ ਆਪਣਾ ਨਾਂ ਕੁਲਦੀਪ ਸਿੰਘ ਉਰਫ ਮਾਣਕ ਪੁੱਤਰ ਪ੍ਰੀਤਮ ਸਿੰਘ ਵਾਸੀ ਸਜਾਵਲਪੁਰ ਥਾਣਾ ਬਲਾਚੌਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ। ਜਦਕਿ ਇੰਡੀਗੋ ਕਾਰ ਦੇ ਚਾਲਕ ਨੇ ਆਪਣਾ ਨਾਂ ਨਰਿੰਦਰ ਸਿੰਘ ਉਰਫ ਬੰਕਾ ਪੁੱਤਰ ਦੌਲਤ ਰਾਮ ਵਾਸੀ ਪਿੰਡ ਸਿੰਬਲ ਮਜਾਰਾ ਥਾਣਾ ਬਲਾਚੌਰ ਦੱਸਿਆ। ਇਨ੍ਹਾਂ ਨਾਲ ਬੈਠੇ ਇਕ ਹੋਰ ਨੌਜਵਾਨ ਨੇ ਆਪਣਾ ਨਾਂ ਰਾਜ ਕੁਮਾਰ ਉਰਫ ਰਾਜੂ ਪੁੱਤਰ ਪੂਰਨ ਚੰਦ ਵਾਸੀ ਰਾਮਪੁਰ ਬਿਲੜੋਂ ਦੱਸਿਆ। ਉਨ੍ਹਾਂ ਦੱਸਿਆ ਕਿ ਤਿੰਨੋਂ ਦੋਸ਼ੀਆਂ ਖਿਲਾਫ ਨਸ਼ਾ ਵਿਰੋਧੀ ਐਕਟ ਦੀ ਧਾਰਾ 15-18-61-85 ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਤੋਂ ਹੋਰ ਪੁੱਛਗਿੱਛ ਕਰਨ ਲਈ ਅਦਾਲਤ ਕੋਲੋਂ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ। 
ਰਾਜਸਥਾਨ ਤੋਂ ਲਿਆਉਂਦੇ ਸੀ ਅਫੀਮ ਅਤੇ ਚੂਰਾ ਪੋਸਤ
ਗ੍ਰਿਫਤਾਰ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਰਾਜਸਥਾਨ ਤੋਂ ਇਹ ਨਸ਼ੀਲਾ ਪਦਾਰਥ ਲੈ ਕੇ ਆਏ ਸਨ। ਰਾਜ ਕੁਮਾਰ ਉਰਫ ਰਾਜੂ ਕੋਲੋਂ ਸਾਲ 2007 'ਚ ਥਾਣਾ ਬਨੂੜ ਦੀ ਪੁਲਸ ਨੇ 70 ਕਿੱਲੋਗ੍ਰਾਮ ਚੂਰਾ ਪੋਸਤ ਬਰਾਮਦ ਕਰਕੇ ਉਸ ਦੇ ਖਿਲਾਫ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ ਕੀਤਾ ਸੀ। ਸਾਲ 2009 ਵਿਚ ਅਦਾਲਤ ਨੇ ਉਸ ਨੂੰ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਦਿੱਤੀ। ਦੂਜੇ ਦੋਸ਼ੀ ਕੁਲਦੀਪ ਸਿੰਘ ਉਰਫ ਮਾਣਕ ਕੋਲੋਂ ਥਾਣਾ ਬਲਾਚੌਰ ਦੀ ਪੁਲਸ ਨੇ 10 ਸਤੰਬਰ 2013 ਨੂੰ ਇਕ ਕਿੱਲੋ ਅਫੀਮ ਬਰਾਮਦ ਕੀਤੀ ਸੀ। ਇਹ ਕੇਸ ਵੀ ਅਦਾਲਤ 'ਚ ਚੱਲ ਰਿਹਾ ਹੈ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਸੀ. ਆਈ. ਏ. ਇੰਚਾਰਜ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਵੀ ਮੌਜੂਦ ਸਨ।


Related News