ਚੰਡੀਗੜ੍ਹ : ਪੀ. ਜੀ. ''ਚ 3 ਕੁੜੀਆਂ ਦੀ ਮੌਤ ਦੇ ਮਾਮਲੇ ''ਚ ਕਮੇਟੀ ਨੇ ਸੌਂਪੀ ਰਿਪੋਰਟ

Wednesday, Mar 18, 2020 - 02:32 PM (IST)

ਚੰਡੀਗੜ੍ਹ : ਪੀ. ਜੀ. ''ਚ 3 ਕੁੜੀਆਂ ਦੀ ਮੌਤ ਦੇ ਮਾਮਲੇ ''ਚ ਕਮੇਟੀ ਨੇ ਸੌਂਪੀ ਰਿਪੋਰਟ

ਚੰਡੀਗੜ੍ਹ (ਸਾਜਨ) : ਸ਼ਹਿਰ ਦੇ ਸੈਕਟਰ-32 ਸਥਿਤ ਇਕ ਪੀ. ਜੀ. 'ਚ ਫਰਵਰੀ ਮਹੀਨੇ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਤੋਂ ਏਰੀਆ ਐੱਸ. ਡੀ. ਐੱਮ. ਸਾਊਥ ਐੱਸ. ਕੇ. ਜੈਨ ਦੀ ਅਗਵਾਈ 'ਚ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ। ਉਕਤ ਜਾਂਚ ਕਮੇਟੀ ਨੂੰ 15 ਦਿਨਾਂ 'ਚ ਆਪਣੀ ਰਿਪੋਰਟ ਦੇਣ ਨੂੰ ਕਿਹਾ ਗਿਆ ਸੀ ਪਰ ਇਸਨੂੰ ਪੂਰਾ ਕਰਨ 'ਚ ਦੇਰੀ ਹੋ ਗਈ। ਉਕਤ ਮਾਮਲੇ ਦੀ ਜਾਂਚ ਕਮੇਟੀ ਨੇ ਮੰਗਲਵਾਰ ਨੂੰ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ।   ਰਿਪੋਰਟ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ। ਮਕਾਨ 'ਚ ਪਲਾਸਟਿਕ ਨਾਲ ਪਾਰਟੀਸ਼ਨ ਕੀਤਾ ਗਿਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਭੜਕੀ ਅਤੇ ਪੂਰੇ ਮਕਾਨ ਨੂੰ ਆਪਣੀ ਲਪੇਟ 'ਚ ਲੈ ਲਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮਕਾਨ ਮਾਲਕ ਅਤੇ ਪੀ. ਜੀ. ਸੰਚਾਲਕ ਨੇ ਨਿਯਮਾਂ ਨੂੰ ਦਰਕਿਨਾਰ ਕਰਕੇ ਵਿਦਿਆਰਥਣਾਂ ਦੀ ਜਾਨ ਨਾਲ ਖਿਲਵਾੜ ਕਰਕੇ ਪੀ. ਜੀ. ਨੂੰ ਚਲਾ ਰਿਹਾ ਸੀ।  ਰਿਪੋਰਟ 'ਚ ਦੱਸਿਆ ਗਿਆ ਕਿ ਇਸ 'ਚ ਪੀ. ਜੀ. ਦੇ ਸੰਚਾਲਕ ਨੇ ਪੈਸੇ ਕਮਾਉਣ ਦੇ ਚੱਕਰ 'ਚ ਛੋਟੇ-ਛੋਟੇ ਕੈਬਿਨ ਬਣਾਕੇ ਵਿਦਿਆਰਥੀਆਂ ਨੂੰ ਅਲਾਟ ਕੀਤੇ ਹੋਏ ਸਨ, ਜੋ ਨਿਯਮਾਂ ਖਿਲਾਫ ਸਨ। ਇਸਤੋਂ ਇਲਾਵਾ ਸਥਾਨਿਕ ਬੀਟ ਅਫਸਰ ਨੇ ਚੈਕਿੰਗ ਨਹੀਂ ਕੀਤੀ। ਮਕਾਨ 'ਚ ਕਈ ਤਰ੍ਹਾਂ ਦੇ ਨਜਾਇਜ਼ ਨਿਰਮਾਣ ਕੀਤੇ ਗਏ ਸਨ, ਜਿਸਦੀ ਬਿਲਡਿੰਗ ਇੰਸਪੈਕਟਰ ਨੇ ਕਦੇ ਜਾਂਚ ਨਹੀਂ ਕੀਤੀ। ਜੇਕਰ ਇਹ ਸਾਰੇ ਆਪਣਾ ਕੰਮ ਠੀਕ ਢੰਗ ਨਾਲ ਕਰਦੇ ਤਾਂ ਕਿਸੇ ਦੀ ਜਾਨ ਨਾ ਜਾਂਦੀ।  
ਰਿਪੋਰਟ 'ਚ ਕਈ ਸੁਝਾਅ ਵੀ ਦਿੱਤੇ
ਉਨ੍ਹਾਂ ਨੇ ਆਪਣੀ ਰਿਪੋਰਟ 'ਚ ਕਈ ਸੁਝਾਅ ਵੀ ਦਿੱਤੇ ਹਨ।  ਇਸ 'ਚ ਕਿਹਾ ਹੈ ਕਿ ਸਾਰੇ ਮਕਾਨਾਂ ਲਈ ਫਾਇਰ ਸੇਫਟੀ ਕਲੀਅਰੈਂਸ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਇਸ ਨੂੰ ਪ੍ਰਸਾਸ਼ਨ ਨੇ ਬੀਤੇ ਦਿਨੀਂ ਲਾਜ਼ਮੀ ਕਰ ਦਿੱਤਾ ਹੈ। ਇਸਤੋਂ ਇਲਾਵਾ ਕਿਸੇ ਵੀ ਪੀ. ਜੀ. 'ਚ ਲੱਕੜੀ ਜਾਂ ਪਲਾਸਟਿਕ ਦੀ ਕੰਧ ਨਹੀਂ ਹੋਣੀ ਚਾਹੀਦੀ ਹੈ। ਕੰਕਰੀਟ ਦੀ ਕੰਧ ਬਣਾਈ ਜਾ ਸਕਦੀ ਹੈ। ਪੀ. ਜੀ. 'ਚ ਰਹਿਣ ਵਾਲਿਆਂ ਦੀ ਗਿਣਤੀ,  ਮਕਾਨ ਦੀ ਜਗ੍ਹਾ ਅਨੁਸਾਰ ਤੈਅ ਹੋਣੀ ਚਾਹੀਦੀ ਹੈ।  ਰਿਪੋਰਟ 'ਚ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਹਰ ਪੀ. ਜੀ.  ਦੇ ਬਾਹਰ ਇੱਕ ਨੋਟਿਸ ਬੋਰਡ ਲੱਗਾ ਹੋਣਾ ਚਾਹੀਦਾ ਹੈ। ਇਸ 'ਚ ਪੀ. ਜੀ. ਸੰਚਾਲਕ ਅਤੇ ਸਾਰੇ ਤਰ੍ਹਾਂ ਦੀਆਂ ਜਾਣਕਾਰੀਆਂ ਹੋਣੀਆਂ ਚਾਹੀਦੀਆਂ ਹਨ। ਉਸ 'ਤੇ ਇਕ ਹੈਲਪਲਾਈਨ ਨੰਬਰ ਵੀ ਲਿਖਿਆ ਹੋਣਾ ਚਾਹੀਦਾ ਹੈ।  
ਹਾਲੇ ਤੱਕ ਸ਼ਹਿਰ ਦੇ ਸਿਰਫ 48 ਪੀ. ਜੀ. ਮਾਲਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ
ਸ਼ਹਿਰ 'ਚ ਨਜਾਇਜ਼ ਤੌਰ 'ਤੇ ਚੱਲ ਰਹੇ ਪੀ. ਜੀ. ਦੇ ਮਾਲਕਾਂ ਵਲੋਂ ਜਾਇਦਾਦ ਵਿਭਾਗ ਤੋਂ ਖੁਦ ਦਾ ਰਜਿਸਟ੍ਰੇਸ਼ਨ ਕਰਵਾਉਣ ਦਾ ਸਮਾਂ ਦਿੱਤਾ ਸੀ ਪਰ ਹਾਲੇ ਤੱਕ ਸਿਰਫ 48 ਦੇ ਕਰੀਬ ਪੀ. ਜੀ. ਦੇ ਮਾਲਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ।  ਇਸ ਤਰ੍ਹਾਂ ਕੁਝ ਨੇ ਤਾਂ ਪੀ. ਜੀ. 'ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਮਕਾਨ ਰੈਂਟ ਡੀਡ 'ਤੇ ਦੇਕੇ ਕੰਮ ਕਰ ਰਹੇ ਹਨ। ਇਸ ਗੱਲ ਦੀ ਸੂਚਨਾ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਚੁੱਕੀ ਹੈ ਅਤੇ ਨਗਰ ਪ੍ਰਸ਼ਾਸਕ ਨੇ ਸਾਫ਼ ਕਰ ਦਿੱਤਾ ਹੈ ਕਿ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂਕਿ ਦੁਬਾਰਾ ਅਜਿਹੀ ਘਟਨਾ ਨਾ ਹੋਵੇ। ਵਿਦਿਆਰਥੀਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ।  

ਇਹ ਵੀ ਪੜ੍ਹੋ : ਸੈਕਟਰ-32 ਦੇ ਪੀ. ਜੀ. 'ਚ ਲੱਗੀ ਅੱਗ, 3 ਕੁੜੀਆਂ ਦੀ ਮੌਤ


author

Babita

Content Editor

Related News