3 ਕਰੋੜ ਦੀ ਹੈਰੋਇਨ ਸਣੇ ਗ੍ਰਿਫਤਾਰ
Monday, Nov 20, 2017 - 03:57 AM (IST)

ਫ਼ਿਰੋਜ਼ਪੁਰ, (ਕੁਮਾਰ)— ਫਿਰੋਜ਼ਪੁਰ ਸੀ. ਆਈ. ਏ. ਸਟਾਫ ਦੀ ਪੁਲਸ ਨੇ ਏ. ਐੱਸ. ਆਈ. ਸੁਖਦਰਸ਼ਨ ਸਿੰਘ ਦੀ ਅਗਵਾਈ ਹੇਠ ਇਕ ਸਮੱਗਲਰ ਨੂੰ 600 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਡਿਟੈਕਟਿਵ ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਇੰਚਾਰਜ ਅਵਤਾਰ ਸਿੰਘ ਦੀ ਨਿਗਰਾਨੀ ਹੇਠ ਏ. ਐੱਸ. ਆਈ. ਸੁਖਦਰਸ਼ਨ ਸਿੰਘ ਨੇ ਪੁਲਸ ਪਾਰਟੀ ਸਮੇਤ ਸਤਲੁਜ ਬੰੰਨ੍ਹ ਦੇ ਨਜ਼ਦੀਕ ਪਿੰਡ ਕਮਾਲੇਵਾਲਾ ਦੇ ਇਲਾਕੇ ਵਿਚ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 600 ਗ੍ਰਾਮ ਹੈਰੋਇਨ ਬਰਾਮਦ ਹੋਈ।
ਫੜੇ ਗਏ ਵਿਅਕਤੀ ਨੇ ਪੁਲਸ ਨੂੰ ਆਪਣਾ ਨਾਂ ਮਨਜੀਤ ਸਿੰਘ ਉਰਫ ਭਗਤ ਪੁੱਤਰ ਪਿਆਰਾ ਵਾਸੀ ਪਿੰਡ ਕਿਲਚੇ ਝੁੱਗੇ ਲਾਲ ਸਿੰਘ ਵਾਲੇ ਦੱਸਿਆ। ਪੁਲਸ ਨੇ ਉਕਤ ਵਿਅਕਤੀ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਚ ਮੁਕੱਦਮਾ ਦਰਜ ਕਰ ਲਿਆ ਹੈ। ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 3 ਕਰੋੜ ਰੁਪਏ ਹੈ।