ਮਾਮਲਾ ਦੁਕਾਨਦਾਰ ਦੇ ਕਤਲ ਦਾ: ਮ੍ਰਿਤਕ ਦੇ ਸਰੀਰ ’ਚੋਂ ਪੋਸਟਮਾਰਟਮ ਦੌਰਾਨ ਮਿਲੀਆਂ 3 ਗੋਲੀਆਂ ਅਤੇ 7 ਨਿਸ਼ਾਨ
Thursday, Oct 13, 2022 - 11:04 AM (IST)
ਤਰਨਤਾਰਨ (ਰਮਨ ਚਾਵਲਾ) - ਬੀਤੇ ਦਿਨੀਂ ਨੈਸ਼ਨਲ ਹਾਈਵੇ ’ਤੇ ਕੱਪੜਾ ਵਪਾਰੀ ’ਤੇ ਗੋਲੀਆਂ ਚਲਾ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਗੁਰਜੰਟ ਸਿੰਘ ਜੰਟਾ ਦੇ ਪਿਤਾ ਅਜੈਬ ਸਿੰਘ ਨੇ ਮੀਡੀਆ ਸਾਹਮਣੇ ਰੋਂਦੇ ਹੋਏ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਲਲਕਾਰਦੇ ਹੋਏ ਕਿਹਾ ਕਿ ਉਸ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਇਸ ਮੁਕਾਮ ’ਤੇ ਪੁੱਜਾ ਸੀ। ਕਈ ਕਿੱਲਿਆਂ ਦੇ ਮਾਲਕ ਲੰਡੇ ਨੇ ਉਸ ਦੇ ਘਰ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਅਜੈਬ ਸਿੰਘ ਨੇ ਕਿਹਾ ਕਿ ਉਸ ਦੀ ਭਰਜਾਈ ਅਤੇ ਭਤੀਜੇ ਅਰਸ਼ਦੀਪ ਸਿੰਘ ਦੇ ਕਹਿਣ ’ਤੇ ਲਖਬੀਰ ਸਿੰਘ ਲੰਡਾ ਨੇ ਗੁਰਜੰਟ ਦਾ ਕਤਲ ਕਰਵਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪਾਸੋਂ 20 ਲੱਖ ਰੁਪਏ ਫਿਰੌਤੀ ਵੀ ਮੰਗੀ ਗਈ ਸੀ, ਜੋ ਅਸੀਂ ਨਹੀਂ ਦੇ ਸਕੇ। ਇਸ ਵਾਰਦਾਤ ਤੋਂ ਬਾਅਦ ਪਿਤਾ ਨੇ ਲੰਡੇ ਨੂੰ ਕਿਹਾ ਹੈ ਕਿ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ।
ਪੜ੍ਹੋ ਇਹ ਵੀ ਖ਼ਬਰ : ਭੈਣ ਦਾ ਵਿਆਹ ਕਰ 7 ਅਕਤੂਬਰ ਨੂੰ ਡਿਊਟੀ 'ਤੇ ਪਰਤੇ ਫ਼ੌਜੀ ਜਵਾਨ ਦੀ ਮੌਤ, ਇਸੇ ਮਹੀਨੇ ਹੋਣਾ ਸੀ ਸੇਵਾ ਮੁਕਤ
ਗੁਰਜੰਟ ਦਾ ਤਿੰਨ ਮੈਂਬਰੀ ਬੋਰਡ ਵਲੋਂ ਕੀਤਾ ਗਿਆ ਪੋਸਟਮਾਰਟਮ
ਸਿਵਲ ਹਸਪਤਾਲ ਤਰਨਤਾਰਨ ਵਿਖੇ ਐੱਸ.ਐੱਮ.ਓ. ਡਾ. ਰਮਨਦੀਪ ਸਿੰਘ ਪੱਡਾ ਦੇ ਹੁਕਮਾਂ ਉੱਪਰ ਬਣਾਏ ਗਏ ਤਿੰਨ ਮੈਂਬਰੀ ਬੋਰਡ, ਜਿਸ ’ਚ ਡਾ. ਨੀਰਜ ਲਤਾ, ਡਾ. ਜਗਜੀਤ ਸਿੰਘ ਅਤੇ ਡਾ. ਸਰਜੀਵਨ ਕੌਰ ਸ਼ਾਮਲ ਸਨ, ਵਲੋਂ ਗੁਰਜੰਟ ਦਾ ਪੋਸਟਮਾਰਟਮ ਕਰ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਸਰੀਰ ਵਿਚੋਂ 3 ਗੋਲੀਆਂ ਬਰਾਮਦ ਹੋਈਆਂ ਹਨ, ਜਦਕਿ ਸਰੀਰ ਉੱਪਰ 7 ਗੋਲੀਆਂ ਦੇ ਨਿਸ਼ਾਨ ਪਾਏ ਗਏ ਹਨ, ਜਿਨ੍ਹਾਂ ਵਿਚ ਸਿਰ ਉੱਪਰ 2, ਲੱਕ ’ਚ 4 ਅਤੇ 1 ਪੱਟ ਸ਼ਾਮਲ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਐੱਸ.ਐੱਮ.ਓ. ਨੂੰ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ ਕਿ ਲਾਸ਼ ਨੂੰ ਵੀਰਵਾਰ ਹਾਸਲ ਕਰਨਗੇ ਕਿਉਂਕਿ ਮ੍ਰਿਤਕ ਦਾ ਛੋਟਾ ਭਰਾ ਅਤੇ ਭਰਜਾਈ ਵਿਦੇਸ਼ ਵਿਚ ਹੋਣ ਕਰਕੇ ਵੀਰਵਾਰ ਵਾਪਸ ਪਰਤ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ
ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਜਾਵੇਗਾ ਅਰਸ਼ਦੀਪ
ਐੱਸ.ਐੱਸ.ਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਤਲ ਮਾਮਲੇ ’ਚ ਨਾਮਜ਼ਦ ਅਰਸ਼ਦੀਪ ਸਿੰਘ, ਜਿਸ ਨੂੰ ਸਪੈਸ਼ਲ ਸੈੱਲ ਵਲੋਂ ਹਰਿਆਣਾ ’ਚ ਆਈ.ਈ.ਡੀ ਦੇ ਮਾਮਲੇ ਸਬੰਧੀ ਗੁਜਰਾਤ ਤੋਂ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ, ਨੂੰ ਤਰਨਤਾਰਨ ਪੁਲਸ ਵਲੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਐੱਸ.ਐੱਸ.ਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਤਲ ਕਰਨ ਵਾਲੇ ਦੋਵਾਂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਵੱਖ-ਵੱਖ ਇਲਾਕਿਆਂ ਵਿਚ ਟੀਮਾਂ ਰਵਾਨਾ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ : ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ
