ਟੋਏ 'ਚ ਡਿੱਗਣ ਕਾਰਨ 3 ਸਕੇ ਭਰਾਵਾਂ ਦੀ ਹੋਈ ਮੌਤ

07/21/2019 11:02:51 PM

ਫ਼ਤਿਹਗੜ੍ਹ ਸਾਹਿਬ (ਜੱਜੀ)-ਫਤਿਹਗੜ੍ਹ ਸਾਹਿਬ ਜ਼ਿਲੇ ਦੇ ਤੇ ਇਥੋਂ ਨੇੜੇ ਪੈਂਦੇ ਪਿੰਡ ਖੋਜੇਮਾਜਰਾ ਵਿਖੇ ਬੀਤੇ ਦਿਨ ਪੁੱਟੇ ਗਏ ਇਕ ਖੱਡੇ 'ਚ ਇਕੋ ਪਰਿਵਾਰ ਦੇ 3 ਬੱਚਿਆਂ ਦੇ ਡਿੱਗ ਜਾਣ ਕਾਰਣ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਹਾਦਸੇ ਉਪਰੰਤ ਸਮੁੱਚੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਅੱਜ ਦੇਰ ਸ਼ਾਮ ਕਰੀਬ ਸਾਢੇ 7 ਵਜੇ ਵਾਪਰਿਆ। ਸਿਵਲ ਹਸਪਤਾਲ ਵਿਖੇ ਜਾਇਜ਼ਾ ਲੈਣ ਆਏ ਫ਼ਤਿਹਗੜ੍ਹ ਸਾਹਿਬ ਦੇ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਤੇ ਥਾਣਾ ਸਰਹਿੰਦ ਦੇ ਮੁਖੀ ਇੰਸਪੈਕਟਰ ਰਜਨੀਸ਼ ਸੂਦ ਨੇ ਦੱਸਿਆ ਕਿ ਪੁਲਸ ਨੂੰ ਦੇਰ ਸ਼ਾਮ ਕਰੀਬ ਪੌਣੇ 8 ਵਜੇ ਘਟਨਾ ਦੀ ਜਾਣਕਾਰੀ ਮਿਲੀ, ਜਿਸ ਉਪਰੰਤ ਬੱਚਿਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਤਿਨੋਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਪਛਾਣ ਇਕੋ ਪਰਿਵਾਰ ਦੇ ਲਵਪ੍ਰੀਤ ਸਿੰਘ (9), ਜੋਬਨਪ੍ਰੀਤ ਸਿੰਘ (10) ਤੇ ਜਸ਼ਨਪ੍ਰੀਤ ਸਿੰਘ (12) ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਖੋਜੇਮਾਜਰਾ ਦੇ ਤੌਰ 'ਤੇ ਹੋਈ ਹੈ, ਜੋ ਕਿ ਸਰਕਾਰੀ ਸਕੂਲ 'ਚ ਕ੍ਰਮਵਾਰ ਚੌਥੀ, 5ਵੀਂ ਤੇ 7ਵੀਂ ਜਮਾਤ 'ਚ ਪੜ੍ਹਾਈ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਪਿੰਡ 'ਚ ਖੱਡਾ ਕਿਉਂ ਪੁੱਟਿਆ ਗਿਆ ਸੀ ਤੇ ਕਿਸ ਵੱਲੋਂ ਪੁੱਟਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮ੍ਰਿਤਕ ਦੇਹਾਂ ਦਾ ਭਲਕੇ ਪੋਸਟਮਾਰਟਮ ਕੀਤਾ ਜਾਵੇਗਾ ਤੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਸਿਵਲ ਹਸਪਤਾਲ ਵਿਖੇ ਬੱਚੇ ਦੇ ਤਾਇਆ ਬਿੱਟੂ ਸਿੰਘ ਤੇ ਹੋਰ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਖੱਡਾ ਪੁੱਟ ਕੇ ਖਾਲੀ ਛੱਡ ਦੇਣਾ ਬਹੁਤ ਵੱਡੀ ਲਾਪਰਵਾਹੀ ਹੈ, ਜਿਸ ਕਾਰਣ ਉਨ੍ਹਾਂ ਦੇ ਮਾਸੂਮ ਬੱਚੇ ਜੋ ਖੇਡ ਰਹੇ ਸਨ ਤੇ ਉਨ੍ਹਾਂ ਦਾ ਪੈਰ ਫਿਸਲ ਜਾਣ ਕਾਰਣ ਖੱਡੇ 'ਚ ਡਿੱਗ ਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਖੱਡਾ ਪੁੱਟਵਾਉਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ।


Karan Kumar

Content Editor

Related News