ਬਟਾਲਾ ਦੇ ਨਿੱਜੀ ਹਸਪਤਾਲ ’ਤੇ ਫਾਇਰਿੰਗ ਕਰਨ ਵਾਲੇ ਮੁੱਖ ਸ਼ੂਟਰ ਸਣੇ 3 ਕਾਬੂ, ਪੁਲਸ ਨੇ ਮੌਕੇ ’ਤੇ ਕਰਵਾਈ ਸ਼ਨਾਖਤ
Friday, Jul 24, 2026 - 11:46 PM (IST)
ਗੁਰਦਾਸਪੁਰ/ਬਟਾਲਾ (ਹਰਮਨ) : ਬਟਾਲਾ ਦੇ ਉਜਾਗਰ ਨਗਰ ਕਲੋਨੀ ਸਥਿਤ ਇੱਕ ਨਿੱਜੀ ਹਸਪਤਾਲ ’ਤੇ 9 ਜੂਨ ਨੂੰ ਹੋਈ ਫਾਇਰਿੰਗ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਬਟਾਲਾ ਪੁਲਸ ਨੇ ਮੁੱਖ ਸ਼ੂਟਰ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁੱਖ ਮੁਲਜ਼ਮ ਨੂੰ ਪੁਲਸ ਵੱਲੋਂ ਮੌਕੇ ’ਤੇ ਲਿਆ ਕੇ ਵਾਰਦਾਤ ਸਬੰਧੀ ਸ਼ਨਾਖ਼ਤ ਅਤੇ ਪੁੱਛਗਿੱਛ ਵੀ ਕੀਤੀ ਗਈ।
ਜਾਣਕਾਰੀ ਅਨੁਸਾਰ 9 ਜੂਨ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹਸਪਤਾਲ ਦੇ ਮੁੱਖ ਗੇਟ ’ਤੇ ਅੰਨ੍ਹੇਵਾਹ ਫਾਇਰਿੰਗ ਕਰਕੇ ਦਹਿਸ਼ਤ ਫੈਲਾ ਦਿੱਤੀ ਸੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਸਪਤਾਲ ਦੇ ਡਾਕਟਰ ਤੋਂ ਕਥਿਤ ਤੌਰ ’ਤੇ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : ਚੱਲਦੀ ਸਕਾਰਪਿਉ ’ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ
ਥਾਣਾ ਸਿਵਲ ਲਾਈਨਜ਼ ਬਟਾਲਾ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁੱਖ ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਅਰਮਾਨ ਵਜੋਂ ਹੋਈ ਹੈ, ਜੋ ਇਸ ਵਾਰਦਾਤ ਦਾ ਮੁੱਖ ਸ਼ੂਟਰ ਹੈ। ਉਨ੍ਹਾਂ ਦੱਸਿਆ ਕਿ ਇਹ ਵਾਰਦਾਤ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਅੰਜਾਮ ਦਿੱਤੀ ਗਈ ਸੀ। ਪੁਲਸ ਨੇ ਇਸ ਮਾਮਲੇ ਵਿੱਚ ਕੁੱਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਦੌਰਾਨ ਮੁੱਖ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਡਿੱਗ ਗਿਆ ਅਤੇ ਉਸ ਦੀ ਲੱਤ ’ਤੇ ਸੱਟ ਲੱਗ ਗਈ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਹਸਪਤਾਲ ’ਤੇ ਲਿਆ ਕੇ ਮੌਕੇ ਦੀ ਸ਼ਨਾਖ਼ਤ ਕਰਵਾਈ ਅਤੇ ਘਟਨਾ ਸਬੰਧੀ ਪੁੱਛਗਿੱਛ ਕੀਤੀ।
ਉੱਧਰ ਹਸਪਤਾਲ ਦੇ ਮਾਲਕ ਡਾ. ਗੁਰਮੀਤ ਸਿੰਘ ਛੀਨਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਹਸਪਤਾਲ ਦੇ ਸਟਾਫ਼, ਮਰੀਜ਼ਾਂ ਅਤੇ ਇਲਾਕਾ ਵਾਸੀਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਪੁਲਸ ਨੇ ਸ਼ੁਰੂ ਤੋਂ ਹੀ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਹੁਣ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਕੁਝ ਹੱਦ ਤੱਕ ਤਸੱਲੀ ਮਿਲੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਨਸਾਫ਼ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
