ਗੁਰਦਾਸਪੁਰ ਪੁਲਸ ਦੀ ਵੱਡੀ ਕਾਰਵਾਈ: 1.262 ਕਿਲੋ ਹੈਰੋਇਨ, 2 ਪਿਸਤੌਲ ਤੇ ਡਰੱਗ ਮਨੀ ਸਮੇਤ 3 ਗ੍ਰਿਫ਼ਤਾਰ
Thursday, Sep 24, 2026 - 12:33 PM (IST)
ਗੁਰਦਾਸਪੁਰ/ਦੀਨਾਨਗਰ/ਦੋਰਾਂਗਲਾ (ਵਿਨੋਦ, ਹਰਮਨ, ਕਪੂਰ, ਨੰਦਾ)- ਗੁਰਦਾਸਪੁਰ ਜ਼ਿਲਾ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਨੇ ਦੋ ਵੱਖ-ਵੱਖ ਮਾਮਲਿਆਂ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ 1 ਕਿਲੋ 262 ਗ੍ਰਾਮ ਹੈਰੋਇਨ, 2 ਪਿਸਤੌਲ ਅਤੇ 50,000 ਰੁਪਏ ਡਰੱਗ ਮਨੀ ਬਰਾਮਦ ਕੀਤੀ। ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਪੀ. ਹੈੱਡਕੁਆਰਟਰ ਮਨੋਜ ਕੁਮਾਰ ਨੇ ਗੁਰਦਾਸਪੁਰ ਦੇ ਐੱਸ. ਐੱਸ. ਪੀ. ਦਫ਼ਤਰ ਵਿਖੇ ਦੱਸਿਆ ਕਿ ਪਹਿਲੇ ਮਾਮਲੇ ’ਚ ਥਾਣਾ ਸਦਰ ਗੁਰਦਾਸਪੁਰ ਦੀ ਪੁਲਸ ਵੱਲੋਂ ਬੱਬਰੀ ਬਾਈਪਾਸ ’ਤੇ ਨਾਕਾਬੰਦੀ ਕਰ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਹੀ ਇਕ ਕਾਰ (ਪੀ.ਬੀ-10 ਐੱਫ਼.ਐੱਨ-5432) ਨੂੰ ਰੋਕ ਕੇ ਚਾਲਕ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੀ ਪਛਾਣ ਆਕਾਸ਼ਦੀਪ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਫ਼ਤਿਹਪੁਰ (ਜ਼ਿਲਾ ਅੰਮ੍ਰਿਤਸਰ) ਵਜੋਂ ਦੱਸੀ।
ਇਹ ਵੀ ਪੜ੍ਹੋ- ਪੰਜਾਬ: ਤਿੰਨ ਦਿਨਾਂ ਤੋਂ ਲਾਪਤਾ ਸਰਪੰਚ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਵੱਲੋਂ ਕਤਲ ਦਾ ਸ਼ੱਕ
ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਕਾਰ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 1 ਕਿਲੋਗ੍ਰਾਮ ਹੈਰੋਇਨ, ਦੋ ਪਿਸਤੌਲ ਅਤੇ 50,000 ਰੁਪਏ ਡਰੱਗ ਮਨੀ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ। ਐੱਸ. ਪੀ. ਨੇ ਦੱਸਿਆ ਕਿ 22 ਸਾਲਾ ਆਕਾਸ਼ਦੀਪ ’ਤੇ ਪਹਿਲਾਂ ਵੀ ਅੰਮ੍ਰਿਤਸਰ ਜ਼ਿਲੇ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਹੈ। ਦੂਜੇ ਮਾਮਲੇ ਸਬੰਧੀ ਐੱਸ. ਪੀ. ਮਨੋਜ ਕੁਮਾਰ ਨੇ ਦੱਸਿਆ ਕਿ ਥਾਣਾ ਦੋਰਾਂਗਲਾ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਸ਼ੱਕ ਦੇ ਆਧਾਰ ’ਤੇ ਸਾਜਨਪ੍ਰੀਤ ਸਿੰਘ ਪੁੱਤਰ ਓਂਕਾਰ ਸਿੰਘ ਵਾਸੀ ਗਾਹਲੜੀ ਨੂੰ ਕਾਬੂ ਕਰ ਕੇ ਉਸ ਕੋਲੋਂ 262 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਇਹ ਹੈਰੋਇਨ ਜਸਕਰਨਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਜੈਨਪੁਰ ਤੋਂ ਖ਼ਰੀਦੀ ਸੀ।
ਇਹ ਵੀ ਪੜ੍ਹੋ- ਪੰਜਾਬ: ਸਰਹੱਦ ਨੇੜਿਓਂ ਡਰੋਨ ਸਮੇਤ ਤੁਰਕੀ ਤੇ ਚੀਨੀ ਪਿਸਤੌਲਾਂ ਦੀ ਖੇਪ ਫੜੀ
ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਜਸਕਰਨਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਸਾਜਨਪ੍ਰੀਤ ਸਿੰਘ ਅਤੇ ਜਸਕਰਨਜੀਤ ਸਿੰਘ ਦੀ ਉਮਰ ਮਹਿਜ਼ 19 ਅਤੇ 20 ਸਾਲ ਹੈ। ਇਸ ਮੌਕੇ ਡੀ. ਐੱਸ. ਪੀ. ਸਿਟੀ ਸ਼ਾਹਬਾਜ਼ ਸਿੰਘ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
