ਬਾਬੇ ਨਾਨਕ ਦਾ ਵਿਆਹ: ਸੁਲਤਾਨਪੁਰ ਲੋਧੀ ਤੋਂ ਬਟਾਲਾ ਪਹੁੰਚਿਆ ਮਹਾਨ ਨਗਰ ਕੀਰਤਨ, ਸ਼ਹਿਰ ''ਚ ਲੱਗੀਆਂ ਰੌਣਕਾਂ
Thursday, Sep 17, 2026 - 04:28 PM (IST)
ਬਟਾਲਾ (ਗੁਰਪ੍ਰੀਤ)- ਇਸ ਵਾਰ ਵੀ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਬਟਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ 539ਵਾਂ ਵਿਆਹ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਬੀਤੇ ਕੱਲ੍ਹ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਸਜਾਇਆ ਗਿਆ ਮਹਾਨ ਨਗਰ ਕੀਰਤਨ ਅੱਜ ਬਟਾਲਾ ਪਹੁੰਚਿਆ। ਬਟਾਲਾ ਪਹੁੰਚਣ 'ਤੇ ਜ਼ਿਲ੍ਹਾ ਤੇ ਪੁਲਸ ਪ੍ਰਸ਼ਾਸਨ ਅਤੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ-ਪੰਜਾਬ 'ਚ ਕਿਸਾਨਾਂ ਨੇ ਰੋਕ ਦਿੱਤੀਆਂ ਰੇਲਾਂ

ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਵਿਆਹ ਪੁਰਬ ਕੱਲ੍ਹ 18 ਸਤੰਬਰ ਨੂੰ ਬਟਾਲਾ ਸ਼ਹਿਰ 'ਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਸਵੇਰੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ, ਜੋ ਕਿ ਮਾਤਾ ਸੁਲੱਖਣੀ ਜੀ ਦਾ ਜਨਮ ਅਸਥਾਨ ਹੈ ਅਤੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਆਨੰਦ ਕਾਰਜ ਹੋਏ ਸਨ, ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਮਹਾਨ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਇਹ ਨਗਰ ਕੀਰਤਨ ਪੂਰਾ ਦਿਨ ਬਟਾਲਾ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸੰਪੂਰਨ ਹੋਵੇਗਾ।
ਇਹ ਵੀ ਪੜ੍ਹੋ- ਗੁਰਦਾਸਪੁਰ ’ਚ ਹਲਾਲ ਮੀਟ ਵੇਚਣ ਨੂੰ ਲੈ ਕੇ ਹੰਗਾਮਾ, ਨਿਹੰਗਾਂ ਵੱਲੋਂ 3 ਦਿਨਾਂ ਦਾ ਅਲਟੀਮੇਟਮ

ਵਿਆਹ ਪੁਰਬ ਨੂੰ ਲੈ ਕੇ ਜਿੱਥੇ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ’ਚ ਸੰਗਤਾਂ ਦੀ ਭਾਰੀ ਆਮਦ ਹੋ ਰਹੀ ਹੈ, ਉੱਥੇ ਹੀ ਸਾਲਾਨਾ ਜੋੜ ਮੇਲੇ ਮੌਕੇ ਬਟਾਲਾ ਸ਼ਹਿਰ ਦੇ ਬਾਜ਼ਾਰਾਂ ਅਤੇ ਵੱਖ-ਵੱਖ ਥਾਵਾਂ ’ਤੇ ਲੱਗੀਆਂ ਦੁਕਾਨਾਂ ’ਤੇ ਵੀ ਕਾਫ਼ੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਬਟਾਲਾ ਸ਼ਹਿਰ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਅਤੇ ਦੂਰ-ਦੁਰਾਡੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ’ਚ ਸੰਗਤਾਂ ਪਹੁੰਚ ਰਹੀਆਂ ਹਨ। ਸੰਗਤਾਂ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ। ਇਸ ਉਪਰੰਤ ਲੋਕ ਪਰਿਵਾਰਾਂ ਸਮੇਤ ਸ਼ਹਿਰ ’ਚ ਲੱਗੇ ਜੋੜ ਮੇਲੇ ਦੀਆਂ ਦੁਕਾਨਾਂ ’ਤੇ ਖ਼ਰੀਦਦਾਰੀ ਕਰਨ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਦਾ ਆਨੰਦ ਲੈ ਰਹੇ ਹਨ।
ਇਹ ਵੀ ਪੜ੍ਹੋ- PM ਮੋਦੀ ਦੇ ਜਨਮ ਦਿਨ 'ਤੇ ਤਰੁਣ ਚੁੱਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਜੋੜ ਮੇਲੇ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਘਰੇਲੂ ਸਾਮਾਨ, ਬੱਚਿਆਂ ਦੇ ਖਿਡੌਣੇ, ਸਜਾਵਟੀ ਵਸਤਾਂ ਅਤੇ ਖਾਣ-ਪੀਣ ਦੀਆਂ ਦੁਕਾਨਾਂ ਸਜਾਈਆਂ ਗਈਆਂ ਹਨ। ਵਿਆਹ ਪੁਰਬ ਦੇ ਮੱਦੇਨਜ਼ਰ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਨਗਰ ਕੀਰਤਨ ਦੇ ਰੂਟ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ, ਜੋ ਰਾਤ ਸਮੇਂ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵਧਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
