ਗੋਦਾਮਾਂ ’ਚ ਸੰਨ੍ਹ ਲਾਉਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

Sunday, Jun 10, 2018 - 08:01 AM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਵੇਅਰਹਾਊਸ ਦੇ ਗੋਦਾਮਾਂ ’ਚ ਚੋਰੀ ਕਰਨ ਵਾਲੇ 3 ਵਿਅਕਤੀਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ, ਜਦੋਂਕਿ ਇਸ ਗਿਰੋਹ ਦਾ ਸਰਗਣਾ ਬਲਜੀਤ ਸਿੰਘ ਅਜੇ ਪੁਲਸ ਦੀ ਗ੍ਰਿਫਤ ’ਚੋਂ ਬਾਹਰ ਹੈ। ਇਸ ਗਿਰੋਹ ਵੱਲੋਂ ਸੂਬੇ ’ਚ ਕਈ ਸ਼ਹਿਰਾਂ ’ਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਮੁਲਜ਼ਮਾਂ ਨੇ ਰਾਏਕੋਟ, ਲੁਧਿਆਣਾ, ਰਾਮਪੁਰਾ, ਫਗਵਾਡ਼ਾ, ਜਗਰਾਓਂ ’ਚ ਚੋਰੀ ਕਰਨ ਦੀ ਗੱਲ ਪੁਲਸ ਸਾਹਮਣੇ ਕਬੂਲੀ ਹੈ।  ਪ੍ਰੈੱਸ ਕਾਨਫਰੰਸ ਕਰਦਿਆਂ ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ 2-3 ਜੂਨ ਦੀ ਦਰਮਿਆਨੀ ਰਾਤ ਨੂੰ ਕਰੀਬ 12.30 ਵਜੇ ਗਰਚਾ ਰੋਡ  ’ਤੇ ਸੁਨੀਤ ਵੇਅਰਹਾਊਸ ਗੋਦਾਮ ’ਚ 20-25 ਅਣਪਛਾਤੇ ਵਿਅਕਤੀਆ, ਜੋ ਕੈਂਟਰਾਂ ’ਤੇ ਸਵਾਰ ਹੋ ਕੇ ਆਏ  ਸਨ, ਨੇ  ਦਾਖਲ ਹੋ ਕੇ ਨਿਗਰਾਨੀ ਲਈ ਰੱਖੇ ਦੋ ਚੌਕੀਦਾਰਾਂ ਕੁਲਦੀਪ ਸਿੰਘ ਪੁੱਤਰ ਭਾਗ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਅਤੇ ਪਰਮਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸੇਖਾ ਰੋਡ ਬਰਨਾਲਾ ਨੂੰ ਰੱਸੀਅਾਂ ਨਾਲ ਬੰਨ੍ਹ ਕੇ 465 ਗੱਟੇ ਚੌਲ, 1 ਡੀ. ਵੀ. ਆਰ., 1 ਸੀ. ਪੀ. ਯੂ., 1 ਇਨਵਰਟਰ ਸਣੇ ਬੈਟਰੀ ਚੋਰੀ ਕਰ ਲਏ ਸਨ। ਇਸ ਦੇ ਸਬੰਧ ’ਚ ਥਾਣਾ ਸਿਟੀ ਬਰਨਾਲਾ ’ਚ ਕੇਸ ਦਰਜ ਕੀਤਾ ਗਿਆ ਸੀ।
ਇਸ ਕੇਸ ਦੀ ਜਾਂਚ ਥਾਣੇਦਾਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਬਰਨਾਲਾ  ਵੱਲੋਂ ਕੀਤੀ ਜਾ ਰਹੀ ਸੀ, ਜਿਨ੍ਹਾਂ ਘਟਨਾ ਨੂੰ ਅੰਜਾਮ ਦੇਣ ਵਾਲੇ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਸੁਖਦੇਵ ਸਿੰਘ ਵਾਸੀ ਧਾਲੀਵਾਲ ਪੱਤੀ ਭੱਮੀਪੁਰਾ ਕੋਠੇ ਹਠੂਰ ਜ਼ਿਲਾ ਲੁਧਿਆਣਾ, ਗਗਨ ਕਪੂਰ ਉਰਫ ਗਗਨ ਪੁੱਤਰ ਕੇਸ਼ਵ ਕਪੂਰ ਵਾਸੀ ਬਾਜਵਾ ਕਾਲੋਨੀ ਜਗਰਾਓਂ ਜ਼ਿਲਾ ਲੁਧਿਆਣਾ ਅਤੇ ਮੁਹੰਮਦ ਅਨਵਰ ਪੁੱਤਰ ਅਰੀਫ ਵਾਸੀ ਚਪਾਰੀ, ਥਾਣਾ ਬਪੋਲੀ ਜ਼ਿਲਾ ਪੂਨੀਆ ਬਿਹਾਰ ਹਾਲ ਆਬਾਦ ਅਨਾਜ ਮੰਡੀ ਜਗਰਾਓਂ ਨੂੰ ਕਾਬੂ ਕਰ ਲਿਆ।
 ਚੋਰੀ ਦੇ ਸਾਮਾਨ ’ਚੋਂ 130 ਗੱਟੇ ਚੌਲ, 1 ਸੀ. ਪੀ. ਯੂ. ਅਤੇ  ਵਾਰਦਾਤ  ’ਚ   ਵਰਤੇ  ਗਏ ਕੈਂਟਰ ਬਰਾਮਦ ਕੀਤੇ ਗਏ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਤੋਂ ਹੋਰ ਵੀ ਸੁਰਾਗ ਮਿਲਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ. ਪੀ. (ਡੀ) ਸੁਖਦੇਵ ਸਿੰਘ ਵਿਰਕ, ਡੀ. ਐੱਸ. ਪੀ. ਰਾਜੇਸ਼ ਛਿੱਬਰ, ਐੱਸ. ਐੱਚ. ਓ. ਥਾਣਾ ਸਿਟੀ-2 ਮਲਕੀਤ ਸਿੰਘ ਚੀਮਾ ਵੀ ਹਾਜ਼ਰ ਸਨ।


Related News