CIA ਸਟਾਫ਼ ਨੇ ਅੰਤਰਰਾਜੀ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
Wednesday, Oct 09, 2024 - 05:38 AM (IST)
ਜਲੰਧਰ (ਸ਼ੋਰੀ)– ਜਲੰਧਰ ਦਿਹਾਤੀ ਪੁਲਸ ਨੇ ਇਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਇਕ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਇਸ ਗਿਰੋਹ ਦੇ ਮੁਖੀ ਨੂੰ ਗ੍ਰਿਫਤਾਰ ਕਰ ਕੇ 5 ਦੇਸੀ ਪਿਸਤੌਲਾਂ ਬਰਾਮਦ ਕੀਤੀਆਂ ਹਨ। ਮੱਧ ਪ੍ਰਦੇਸ਼ ਤੋਂ ਪੰਜਾਬ ਤੱਕ ਹਥਿਆਰਾਂ ਦੀ ਗੈਰ-ਕਾਨੂੰਨੀ ਢੋਆ-ਢੁਆਈ ਨੂੰ ਨਿਸ਼ਾਨਾ ਬਣਾਉਣ ਵਾਲਾ ਇਹ ਆਪ੍ਰੇਸ਼ਨ ਖੇਤਰ ਵਿਚ ਗੈਰ-ਕਾਨੂੰਨੀ ਹਥਿਆਰਾਂ ਦੇ ਪ੍ਰਵਾਹ ਨੂੰ ਰੋਕਣ ਲਈ ਇਕ ਮਹੱਤਵਪੂਰਨ ਕਦਮ ਹੈ।
ਫੜੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਉਰਫ ਜੀਓਨਾ ਵਾਸੀ ਪਿੰਡ ਮੰਡਿਆਲਾ, ਥਾਣਾ ਲੋਹੀਆਂ, ਜ਼ਿਲਾ ਜਲੰਧਰ ਵਜੋਂ ਹੋਈ ਹੈ। ਇਸ ਸਬੰਧੀ ਐੱਸ.ਐੱਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 2 ਅਕਤੂਬਰ ਨੂੰ ਪੁਲਸ ਨੂੰ ਲਾਂਬੜਾ ਇਲਾਕੇ ਵਿਚ ਨਾਜਾਇਜ਼ ਹਥਿਆਰਾਂ ਦੀ ਇਕ ਖੇਪ ਦੀ ਡਿਲੀਵਰੀ ਹੋਣ ਦੀ ਸੂਚਨਾ ਮਿਲੀ ਸੀ। ਇਸ ਦੇ ਚੱਲਦਿਆਂ ਸੀ.ਆਈ.ਏ. ਸਟਾਫ਼ ਜਲੰਧਰ ਦਿਹਾਤੀ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਨੇ ਡੀ.ਐੱਸ.ਪੀ. (ਡੀ.) ਅਤੇ ਐੱਸ.ਪੀ. ਇਨਵੈਸਟੀਗੇਸ਼ਨ ਜਸਰੂਪ ਕੌਰ ਬਾਠ ਦੀ ਕਮਾਂਡ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ।
ਪੁਲਸ ਟੀਮ ਪੁਆਰਾ ਪੁਲੀ ਇਲਾਕੇ ’ਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਇਕ ਸਥਾਨਕ ਮੁਖਬਰ ਤੋਂ ਸੁਨੀਲ ਕੁਮਾਰ ਦੇ ਅੱਡਾ ਨਿਝਰਾਂ ਵਿਖੇ ਨਾਜਾਇਜ਼ ਹਥਿਆਰਾਂ ਸਮੇਤ ਮੌਜੂਦ ਹੋਣ ਦੀ ਸੂਚਨਾ ਮਿਲੀ। ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਛਾਪਾ ਮਾਰ ਕੇ ਸੁਨੀਲ ਕੁਮਾਰ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਸੁਨੀਲ ਕੁਮਾਰ ਦੇ ਕੋਲੋਂ ਇਕ .32 ਬੋਰ ਦਾ ਪਿਸਤੌਲ, ਇਕ ਮੈਗਜ਼ੀਨ ਤੇ ਦੋ ਜ਼ਿੰਦਾ ਰੌਂਦ ਬਰਾਮਦ ਹੋਏ, ਜਦਕਿ ਉਸ ਦੇ ਕਿੱਟ-ਬੈਗ ਵਿਚੋਂ ਤਿੰਨ ਹੋਰ ਪਿਸਤੌਲ ਤੇ 6 ਜ਼ਿੰਦਾ ਰੌਂਦ ਬਰਾਮਦ ਹੋਏ। ਪੁਲਸ ਨੇ ਕੁੱਲ ਮਿਲਾ ਕੇ ਪੰਜ ਪਿਸਤੌਲ ਅਤੇ 8 ਰੌਂਦ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- 'ਹੈਲੋ ! ਤੇਰਾ ਭਰਾ ਮੇਰਾ ਫ਼ੋਨ ਨੀ ਚੁੱਕਦਾ...', ਅੱਧੀ ਰਾਤੀਂ ਆਏ ਫ਼ੋਨ ਮਗਰੋਂ ਕਬੱਡੀ ਖਿਡਾਰੀ ਦੇ ਘਰ ਪੈ ਗਏ ਵੈਣ
ਅਸਲਾ ਐਕਟ ਦੀ ਧਾਰਾ 25(1)-ਘੀ, 25(6)(7)(8), ਅਤੇ 29/54/59 ਤਹਿਤ ਲਾਂਬੜਾ ਪੁਲਸ ਸਟੇਸ਼ਨ ਵਿਖੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸੁਨੀਲ ਕੁਮਾਰ ਮੱਧ ਪ੍ਰਦੇਸ਼ ਤੋਂ ਪੰਜਾਬ ਵਿਚ ਹਥਿਆਰਾਂ ਦੀ ਸਮੱਗਲਿੰਗ ਕਰਦਾ ਰਿਹਾ ਹੈ, ਜਿੱਥੇ ਇਨ੍ਹਾਂ ਨੂੰ ਮਹਿੰਗੇ ਭਾਅ ਵੇਚਿਆ ਜਾਂਦਾ ਹੈ। ਮੁਲਜ਼ਮ, ਜੋ ਕਿ ਹਾਲ ਹੀ ਵਿਚ ਨਸ਼ਾ ਸਮੱਗਲਿੰਗ ਦੇ ਇਕ ਕੇਸ ਵਿਚ ਜ਼ਮਾਨਤ ’ਤੇ ਰਿਹਾਅ ਹੋਇਆ ਸੀ, ਦਾ ਹਥਿਆਰਾਂ ਅਤੇ ਨਸ਼ੇ ਵਾਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਸਮੇਤ ਅਪਰਾਧਿਕ ਗਤੀਵਿਧੀਆਂ ਦਾ ਲੰਬਾ ਇਤਿਹਾਸ ਹੈ।
ਉਸ ਦਾ ਨੈੱਟਵਰਕ ਵਿਦੇਸ਼ਾਂ ਤੋਂ ਕੰਮ ਕਰ ਰਹੇ ਹਾਈ-ਪ੍ਰੋਫਾਈਲ ਅਪਰਾਧੀਆਂ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਜਗਦੀਪ ਸਿੰਘ ਉਰਫ ਜੱਗਾ ਫੁਕੀਵਾਲ, ਜੋ ਕਿ ਇੰਗਲੈਂਡ ਤੋਂ ਫਿਰੌਤੀ ਰੈਕੇਟ ਚਲਾਉਣ ਲਈ ਜਾਣਿਆ ਜਾਂਦਾ ਹੈ, ਅਤੇ ਪਵਨ ਕੁਮਾਰ ਉਰਫ ਪੰਮਾ ਪਾਊਡਰ ਸ਼ਾਮਲ ਹਨ। ਸੁਨੀਲ ਕੁਮਾਰ ਦੇ ਜੱਗਾ ਫੁਕੀਵਾਲ ਤੇ ਪੰਮਾ ਵਰਗੇ ਅੰਤਰਰਾਸ਼ਟਰੀ ਗੈਂਗਸਟਰਾਂ ਨਾਲ ਸਬੰਧ ਹਨ, ਦੋਵੇਂ ਬਦਨਾਮ ਅਪਰਾਧੀ ਲੰਡਾ ਹਰੀਕੇ ਨਾਲ ਜੁੜੇ ਹੋਏ ਹਨ।
ਹਥਿਆਰਾਂ ਦੀ ਸਮੱਗਲਿੰਗ, ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਤੇ ਜਬਰੀ ਵਸੂਲੀ ਵਾਲੇ ਇਕ ਵਿਆਪਕ ਅਪਰਾਧਿਕ ਨੈਟਵਰਕ ਨੂੰ ਦਰਸਾਉਂਦੇ ਹਨ। ਹੋਰ ਸਬੰਧਾਂ ਦਾ ਪਤਾ ਲਾਉਣ ਅਤੇ ਇਸ ਅਪਰਾਧਿਕ ਸਿੰਡੀਕੇਟ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਜਾਂਚ ਜਾਰੀ ਹੈ। ਫੜੇ ਗਏ ਮੁਲਜ਼ਮ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਉਸ ਦੇ ਅਗਲੇ ਤੇ ਪਿਛਲੇ ਸਬੰਧਾਂ ਦੀ ਜਾਂਚ ਕਰਨ ਲਈ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ, ਜਿਸ ਵਿਚ ਹਥਿਆਰਾਂ ਦੀ ਖਰੀਦ ਤੇ ਯੋਜਨਾਬੱਧ ਅਪਰਾਧਿਕ ਗਤੀਵਿਧੀਆਂ ਸ਼ਾਮਲ ਹਨ। ਐੱਸ.ਐੱਸ.ਪੀ. ਖੱਖ ਨੇ ਕਿਹਾ ਕਿ ਗਿਰੋਹ ਦੇ ਹੋਰ ਫਰਾਰ ਮੈਂਬਰਾਂ ਦੀ ਭਾਲ ਜਾਰੀ ਹੈ ਤੇ ਜਾਂਚ ਨਾਲ ਹੋਰ ਬਰਾਮਦਗੀ ਦੀ ਉਮੀਦ ਹੈ।
ਇਹ ਵੀ ਪੜ੍ਹੋ- ਪਤਨੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ ; ਜਹਾਨੋਂ ਤੁਰ ਗਿਆ 7 ਭੈਣਾਂ ਦਾ ਇਕਲੌਤਾ ਭਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e