BSNL ਦੇ ਮੁਲਾਜ਼ਮ ਤੋਂ ਖੋਹਿਆ ਸੀ ਲੈਪਟਾਪ, ਕਈ ਵਾਰਦਾਤਾਂ ’ਚ ਸ਼ਾਮਲ 3 ਮੁਲਜ਼ਮ ਕਾਬੂ

Tuesday, Oct 08, 2024 - 03:32 PM (IST)

ਲੁਧਿਆਣਾ (ਗੌਤਮ)- ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਦੇ ਦੋਸ਼ ’ਚ ਸੀ. ਆਈ. ਏ.-2 ਦੀ ਪੁਲਸ ਨੇ 3 ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਦੋਂਕਿ ਗਿਰੋਹ ਦਾ ਸਰਗਣਾ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਸ ਨੇ ਮੁਲਜ਼ਮਾਂ ਤੋਂ 5 ਮੋਬਾਈਲ, 1 ਲੈਪਟਾਪ, 2 ਮੋਟਰਸਾਈਕਲ, ਲੋਹੇ ਦੇ ਦਾਤਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਲਿਆ ਹੈ। ਮੁਲਜ਼ਮ ਬਾਊਂਸਰ, ਏ. ਸੀ. ਰਿਪੇਅਰ ਕਰਨ ਦਾ ਕੰਮ ਅਤੇ ਓਵਰਲਾਕ ਦਾ ਕੰਮ ਕਰਨ ਦੀ ਆੜ ’ਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

ਇਹ ਖ਼ਬਰ ਵੀ ਪੜ੍ਹੋ - ਪੰਚਾਇਤੀ ਚੋਣਾਂ ਵਿਚਾਲੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ

ਪੁਲਸ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਕੋਹਾੜਾ ਦੇ ਰਹਿਣ ਵਾਲੇ ਗੁਰਕੀਤ ਸਿੰਘ ਉਰਫ ਗੁਰੀ, ਮੁਹੱਲਾ ਹਰਗੋਬਿੰ ਦ ਨਗਰ ਦੇ ਰਹਿਣ ਵਾਲੇ ਅੰਗਦ ਕੁਮਾਰ ਉਰਫ ਅੰਗਦ, ਭੋਲਾ ਕਾਲੋਨੀ, ਤਾਜਪੁਰ ਰੋਡ ਦੇ ਰਹਿਣ ਵਾਲੇ ਰਿੰਕੂ ਕੁਮਾਰ ਉਰਫ ਰਿੰਕੂ ਅਤੇ ਫਰਾਰ ਦੀ ਪਛਾਣ ਰਾਮ ਨਗਰ, ਮੁੰਡੀਆਂ ਕਲਾਂ ਦੇ ਰਹਿਣ ਵਾਲੇ ਅਜੇ ਕੁਮਾਰ ਉਰਫ ਬਿੱਲਾ ਵਜੋਂ ਕੀਤੀ ਹੈ।

ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਤੋਂ ਹੋਰ ਕਈ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ। ਮੁਲਜ਼ਮਾਂ ਤੋਂ ਉਨ੍ਹਾਂ ਦੇ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਇੰਸ. ਰਾਜੇਸ਼ ਸ਼ਰਮਾ ਇੰਚਾਰਜ ਸੀ. ਆਈ. ਏ.-2 ਨੇ ਦੱਸਿਆ ਕਿ ਮੁਲਜ਼ਮਾਂ ਨੇ 1 ਅਕਤੂਬਰ ਨੂੰ ਬੀ. ਐੱਸ. ਐੱਨ. ਐੱਲ. ਦੇ ਮੁਲਾਜ਼ਮ ਰਾਕੇਸ਼ ਕੁਮਾਰ ਤੋਂ ਉਸ ਦਾ ਲੈਪਟਾਪ ਅਤੇ ਨਕਦੀ ਚੋਹ ਲਈ ਸੀ, ਜਿਸ ’ਤੇ ਪੁਲਸ ਨੇ ਜਾਂਚ ਤੋਂ ਬਾਅਦ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਸੀ।

ਪੁਲਸ ਨੇ ਮੌਕੇ ’ਤੇ ਜਾ ਕੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਕਾਬੂ ਕੀਤੇ ਗਏ ਉਕਤ 3 ਮੁਲਜ਼ਮ ਬੁਲੇਟ ਮੋਟਰਸਾਈਕਲ ’ਤੇ ਸਵਾਰ ਸਨ ਅਤੇ ਜਦੋਂ ਰਾਕੇਸ਼ ਜਲੰਧਰ ਜਾਣ ਲਈ ਸਮਰਾਲਾ ਚੌਕ ਦੇ ਕੋਲ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸ ਤੋਂ ਲੈਪਟਾਪ ਅਤੇ ਨਕਦੀ ਖੋਹ ਲਈ। ਪੁਲਸ ਨੇ ਫੁਟੇਜ ਦੇ ਆਧਾਰ ’ਤੇ ਅੱਗੇ ਜਾਂਚ ਕਰਦੇ ਹੋਏ ਮੁਲਜ਼ਮਾਂ ਦੀ ਪਛਾਣ ਕਰ ਲਈ। ਮੁਲਜ਼ਮਾਂ ਖਿਲਾਫ ਪਹਿਲਾਂ ਵੀ ਥਾਣਾ ਡਵੀਜ਼ਨ ਨੰ. 3 ਵਿਚ ਕੇਸ ਦਰਜ ਹੈ। ਮੁਲਜ਼ਮਾਂ ਤੋਂ ਅਜੇ ਸ਼ਿਕਾਇਤਕਰਤਾ ਦਾ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਕਰਨਾ ਬਾਕੀ ਹੈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮਾਂ ਦੀ ਭਾਲ ’ਚ ਪਿੰਡ ਖਾਸੀ ਕਲਾਂ ਚੌਕ, ਕੱਕਾ ਧੌਲਾ ਕੋਲ ਸੂਆ ਪੁਲੀ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮ ਚੋਰੀ ਦੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਤਾਜਪੁਰ ਰੋਡ ਵੱਲੋਂ ਪਿੰਡ ਖਾਸੀ ਕਲਾਂ ’ਚ ਜਾ ਰਹੇ ਹਨ। ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਤੇਜ਼ਧਾਰ ਹਥਿਆਰ ਦਿਖਾ ਕੇ ਰਾਹਗੀਰਾਂ ਦੀ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦੇ ਸਨ। ਵਿਰੋਧ ਕਰਨ ’ਤੇ ਮੁਲਜ਼ਮ ਰਾਹਗੀਰਾਂ ’ਤੇ ਵਾਰ ਕਰਨ ਤੋਂ ਵੀ ਪਰਹੇਜ਼ ਨਹੀਂ ਕਰਦੇ ਸਨ।

ਇਹ ਖ਼ਬਰ ਵੀ ਪੜ੍ਹੋ - ਪੰਚਾਇਤੀ ਚੋਣਾਂ ਵਿਚਾਲੇ ਸਖ਼ਤ ਐਕਸ਼ਨ! 162 ਮੁਲਾਜ਼ਮਾਂ ਨੂੰ ਨੋਟਿਸ ਜਾਰੀ

ਮੁਲਜ਼ਮਾਂ ਤੋਂ ਪੁੱਛਗਿੱਛ ਕਰ ਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਮੋਟਰਸਾਈਕਲ ਕਿੱਥੋਂ ਚੋਰੀ ਕੀਤੇ ਹਨ ਅਤੇ ਕਿਨ੍ਹਾਂ-ਕਿਨ੍ਹਾਂ ਇਲਾਕਿਆਂ ’ਚ ਵਾਰਦਾਤਾਂ ਕੀਤੀਆਂ ਹਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਚੋਰੀ ਕੀਤੇ ਗਏ ਮੋਬਾਈਲ ਮੁਲਜ਼ਮ ਅਤੇ ਸਰਗਣਾ ਅਜੇ ਕੁਮਾਰ ਬਿੱਲਾ ਨੂੰ ਦਿੰਦੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅੰਗਦ ਖਿਲਾਫ ਪਹਿਲਾਂ ਵੀ ਲੁੱਟ-ਖੋਹ ਕਰਨ ਦੇ ਦੋਸ਼ ’ਚ ਕੇਸ ਦਰਜ ਹੈ ਅਤੇ ਮੁਲਜ਼ਮ 25 ਮਈ 2023 ਨੂੰ ਹੀ ਜੇਲ ਤੋਂ ਜ਼ਮਾਨਤ ’ਤੇ ਰਿਹਾਅ ਹੋਇਆ ਹੈ ਅਤੇ ਜੇਲ ਤੋਂ ਆਉਂਦੇ ਹੀ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News