ਨੰਗਲ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ 27 ਸਾਲਾ ਨੌਜਵਾਨ ਦੀ ਮੌਤ
Monday, Feb 13, 2023 - 02:52 PM (IST)
ਨੰਗਲ (ਗੁਰਭਾਗ ਸਿੰਘ)-ਮਹਿਤਪੁਰ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਸਿੰਗਲ ਸੜਕ ਹੋਣ ਦੇ ਚਲਦਿਆਂ ਨੈਸ਼ਨਲ ਹਾਈਵੇਅ ’ਤੇ ਸੜਕ ਹਾਦਸਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਕਤ ਸੜਕ ’ਤੇ ਰੋਜ਼ਾਨਾ ਦਰਦਨਾਕ ਸੜਕ ਹਾਦਸੇ ਵਾਪਰ ਰਹੇ ਹਨ। ਬੀਤੀ ਰਾਤ 9 ਵਜੇ ਦੇ ਕਰੀਬ ਵੀ ਤਹਿਸੀਲ ਨੰਗਲ ਦੇ ਹੀ ਪਿੰਡ ਬੰਦਲੇਹੜੀ ਕੋਲ ਸੜਕ ’ਤੇ ਇਕ ਦਰਦਨਾਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਕ ਗੱਡੀ ਦੀ ਪਲੈਟਿਨਾ ਮੋਟਰਸਾਈਕਲ ਨਾਲ ਟੱਕਰ ਹੋਣ ਦੇ ਚਲਦਿਆਂ ਮੋਟਰਸਾਈਕਲ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਐਂਬੂਲੈਂਸ ਦੀ ਮਦਦ ਨਾਲ ਨੰਗਲ ਬੀ. ਬੀ. ਐੱਮ. ਬੀ. ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਦੱਸਣਾ ਇਹ ਵੀ ਜ਼ਰੂਰੀ ਹੈ ਕਿ 20 ਮਈ 2022 ਨੂੰ ਵੀ ਉਕਤ ਸੜਕ ’ਤੇ ਇਸੇ ਪਿੰਡ ਕੋਲ ਇਕ ਟੈਂਪੂ ਟ੍ਰੈਵਲ ਅਤੇ ਛੋਟੇ ਹਾਥੀ ਦੀ ਆਪਸੀ ਟੱਕਰ ’ਚ ਚਾਲਕਾਂ ਸਣੇ 5 ਹੋਰ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸੀ। ਦੂਜੇ ਪਾਸੇ ਅਧੂਰੇ ਪਏ ਫਲਾਈਓਵਰ ਦੇ ਚਲਦਿਆਂ ਹੁਣ ਸੜਕ ਹਾਦਸਿਆਂ ’ਚ ਹੋਰ ਵੀ ਜ਼ਿਆਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਜੂਡੋ ਖਿਡਾਰੀ ਸੱਤਾ ਕਤਲ ਕਾਂਡ ਮਾਮਲੇ 'ਚ ਰਾਜਸਥਾਨ ਤੋਂ 3 ਕਾਤਲ ਗ੍ਰਿਫ਼ਤਾਰ, ਵੱਡੇ ਖ਼ੁਲਾਸੇ ਹੋਣ ਦੀ ਉਮੀਦ
ਪੱਤਰਕਾਰਾਂ ਨਾਲ ਗੱਲ ਕਰਦਿਆਂ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦਾ ਨਾਮ ਅਜੇ ਕੁਮਾਰ (27) ਪੁੱਤਰ ਰਜਿੰਦਰ ਕੁਮਾਰ ਹੈ ਅਤੇ ਉਹ ਤਹਿਸੀਲ ਨੰਗਲ ਦੇ ਹੀ ਪਿੰਡ ਛੋਟੇਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਦੇਹ ਨੂੰ ਪਰਿਵਾਰਕ ਮੈਂਬਰਾਂ ਸਪੁਰਦ ਕਰ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਅਜੇ ਕੁਮਾਰ ਕੁਆਰਾ ਸੀ ਅਤੇ ਹਿਮਾਚਲ ਪ੍ਰਦੇਸ਼ ਗੋਲਥਾਈ ਫੈਕਟਰੀ ’ਚ ਨੌਕਰੀ ਕਰਦਾ ਸੀ। 12 ਫਰਵਰੀ ਦੀ ਰਾਤ ਜਦੋਂ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਵੱਲ ਨੂੰ ਵਾਪਸ ਆ ਰਿਹਾ ਸੀ ਤਾਂ ਉਸ ਦੀ ਟੱਕਰ ਸ਼ੈਵਰਲੈਟ ਕੰਪਨੀ ਦੀ ਗੱਡੀ ਨੰਬਰ ਐੱਚ. ਪੀ. 72-ਏ, 9404 ਨਾਲ ਹੋਈ ਜਿਸ ਮਗਰੋਂ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਹਸਪਤਾਲ ’ਚ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਕਿਹਾ ਕਿ ਗੱਡੀ ਪੁਲਸ ਦੀ ਗ੍ਰਿਫਤ ’ਚ ਹੈ ਅਤੇ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ। ਮੁਕੱਦਮਾ ਨੰਬਰ 16 ਅਤੇ ਆਈ. ਪੀ. ਸੀ. ਧਾਰਾ 279/304-ਏ, 427 ਤਹਿਤ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਅਜੇ ਦੇ ਭਰਾ ਨੇ ਕਿਹਾ ਕਿ ਉਹ ਦੋ ਭਰਾ ਅਤੇ ਇਕ ਭੈਣ ਹਨ। ਉਹ ਸੀ ਐੱਮ ਆਟੋ ’ਚ ਕੰਮ ਕਰਦਾ ਹੈ ਅਤੇ ਅਜੇ ਨੇ ਵਿਦੇਸ਼ ਜਾਣਾ ਸੀ। ਫਿਲਹਾਲ ਉਹ ਗਵਾਲਥਾਈ ਕੰਪਨੀ ’ਚ ਪ੍ਰਾਈਵੇਟ ਨੌਕਰੀ ਕਰਦਾ ਸੀ।
ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, 1 ਸਾਲ ਪਹਿਲਾਂ ਵਿਆਹੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ
ਇਕ ਸਾਲ ’ਚ ਫੋਰਲੇਨ ਦਾ ਕੰਮ ਸ਼ੁਰੂ ਹੋ ਜਾਵੇਗਾ : ਮੰਤਰੀ ਬੈਂਸ
ਜ਼ਿਕਰਯੋਗ ਹੈ ਕਿ ਉਕਤ ਖ਼ੂਨੀ ਸੜਕ ’ਤੇ ਹੁਣ ਤੱਕ ਸੈਂਕੜੇ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ। ਜਿਨ੍ਹਾਂ ’ਚ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਲੋਕਾਂ ਦੀ ਸਮੇਂ-ਸਮੇਂ ਦੀਆਂ ਰਾਜ ਕਰਦੀਆਂ ਸਰਕਾਰਾਂ ਤੋਂ ਮੰਗ ਰਹੀ ਕਿ ਉਹ ਸਡ਼ਕ ਨੂੰ ਫੋਰਲੇਨ ਕੀਤਾ ਜਾਵੇ ਪਰ ਹਾਲੇ ਤੱਕ ਅਜਿਹਾ ਨਹੀਂ ਹੋ ਸਕਿਆ। ਬੀਤੇ ਦਿਨੀ 8 ਫਰਵਰੀ ਨੂੰ ਜਦੋਂ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਪੰਜਾਬ ਸਰਕਾਰ ਦੇ ਚੀਫ ਟ੍ਰੈਫਿਕ ਐਡਵਾਇਜ਼ਰ ਨਵਦੀਪ ਅਸੀਜਾ ਨਾਲ ਅਧੂਰੇ ਬਹੁ-ਕਰੋੜੀ ਫਲਾਈਓਵਰ ਦਾ ਜਾਇਜਾ ਲੈਣ ਸ਼ਿਵਾਲਿਕ ਐਵਨਿਊ ਲਾਗੇ ਬਣੇ ਚੌਕ ’ਤੇ ਪੁੱਜੇ ਸੀ ਤਾਂ ਉਨ੍ਹਾਂ ਗੰਭੀਰ ਮਾਮਲਾ ਦੱਸਦਿਆਂ ਕਿਹਾ ਸੀ ਕਿ ਨੰਗਲ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਇਸ ਸਡ਼ਕ ਨੂੰ ਖ਼ੂਨੀ ਕਰਾਰ ਦਿੱਤਾ ਸੀ ਅਤੇ ਸੜਕ ਹਾਦਸਿਆਂ ’ਚ ਅਜਾਈ ਚੱਲੀਆਂ ਜਾਣ ਵਾਲੀਆਂ ਕੀਮਤੀ ਜਾਨਾਂ ’ਤੇ ਦੁੱਖ਼ ਪ੍ਰਗਟਾਇਆ ਸੀ। ਮੰਤਰੀ ਬੈਂਸ ਨੇ ਇਕ ਸਾਲ ਅੰਦਰ ਇਸ ਸੜਕ ’ਤੇ ਫੋਰਲੇਨ ਦਾ ਕੰਮ ਸ਼ੁਰੂ ਹੋਣ ਦੀ ਗੱਲ ਆਖੀ ਸੀ। ਮੰਤਰੀ ਬੈਂਸ ਨੇ ਕਿਹਾ ਕਿ ਫਿਲਹਾਲ ਇਸ ਨੂੰ ਠੀਕ ਕਰਨ ਲਈ ਗੰਗੂਵਾਲ, ਢੇਰ, ਬਹੇੜੇ ਵਾਲਾ ਮੋੜ, ਐੱਮ. ਪੀ. ਕੋਠੀ, ਬ੍ਰਹਮਪੁਰ ਆਦਿ ਚੌਂਕਾਂ ਨੂੰ ਠੀਕ ਕਰਵਾਉਣ ਦੀ ਗੱਲ ਆਖੀ ਸੀ।
ਇਹ ਵੀ ਪੜ੍ਹੋ : ਜਲੰਧਰ 'ਚ ਕਤਲ ਕੀਤੇ ਨੌਜਵਾਨ ਸੱਤਾ ਦੇ ਮਾਮਲੇ 'ਚ ਦੋਸ਼ੀਆਂ ਦੀ ਵੀਡੀਓ ਆਈ ਸਾਹਮਣੇ, ਪਾਰਟੀ ਕਰਦੇ ਆਏ ਨਜ਼ਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।