24 ਆਵਰ ਫਾਰਮੇਸੀ ਦਾ ਲਾਇਸੈਂਸ ਹੋਇਆ ਰੱਦ

Friday, Nov 17, 2017 - 07:35 AM (IST)

ਜਲੰਧਰ, (ਅਮਿਤ)- ਪਿਮਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪਿਮਸ) ਅਤੇ 24 ਆਵਰ ਫਾਰਮੇਸੀ ਵਿਚਕਾਰ ਚੱਲ ਰਹੇ ਵਿਵਾਦ ਵਿਚ ਵੀਰਵਾਰ ਨੂੰ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਸਿਹਤ ਵਿਭਾਗ ਵੱਲੋਂ ਜ਼ੋਨਲ ਡਰੱਗ ਅਥਾਰਟੀ ਨੇ 24 ਆਵਰ ਫਾਰਮੇਸੀ ਦਾ ਲਾਇਸੈਂਸ ਰੱਦ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿਮਸ ਵੱਲੋਂ ਫਾਰਮੇਸੀ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉਪਰ ਕਾਰਵਾਈ ਕਰਦਿਆਂ ਡਰੱਗ ਵਿਭਾਗ ਨੇ ਉਕਤ ਕਦਮ ਚੁੱਕਿਆ ਹੈ। 
ਵਿਭਾਗ ਦੇ ਨਿਰਦੇਸ਼ ਮਿਲਦਿਆਂ ਹੀ ਫਾਰਮੇਸੀ ਵਾਲਿਆਂ ਨੇ ਆਪਣਾ ਕੰਮਕਾਜ ਬੰਦ ਕਰ ਦਿੱਤਾ ਅਤੇ ਵੀਰਵਾਰ ਸਾਰਾ ਦਿਨ ਫਾਰਮੇਸੀ ਬੰਦ ਰਹੀ। ਇਸ ਮਾਮਲੇ ਵਿਚ ਜਦੋਂ 24 ਆਵਰ ਫਾਰਮੇਸੀ ਦੀ ਹਰਪ੍ਰੀਤ ਸਿੰਘ ਸਿੱਧੂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। 
ਕੀ ਹੈ ਮਾਮਲਾ, ਕਿਉਂ ਚੱਲ ਰਿਹਾ ਹੈ ਦੋਵਾਂ 'ਚ ਵਿਵਾਦ?
ਹਰਿਆਣਾ ਨਾਲ ਸਬੰਧ ਰੱਖਣ ਵਾਲੇ ਨਵਾਬ ਸਿੰਘ ਨੇ ਸਾਲ 2011 ਵਿਚ ਪਿਮਸ ਅੰਦਰ ਫਾਰਮੇਸੀ ਸ਼ਾਪ ਚਲਾਉਣਾ ਸ਼ੁਰੂ ਕੀਤਾ ਸੀ। ਫਾਰਮੇਸੀ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਪਿਮਸ ਅੰਦਰ ਫਾਰਮੇਸੀ ਖੋਲ੍ਹੀ ਸੀ ਤਾਂ ਉਨ੍ਹਾਂ ਦਾ ਕੋਈ ਲਿਖਤੀ ਐਗਰੀਮੈਂਟ ਨਹੀਂ ਹੋਇਆ ਸੀ ਅਤੇ ਪਿਮਸ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਪੂਰੀ ਜ਼ਿੰਦਗੀ ਇੱਥੇ ਫਾਰਮੇਸੀ ਚਲਾਓਗੇ ਅਤੇ ਪਿਮਸ ਕਿਸੇ ਹੋਰ ਨੂੰ ਇੱਥੇ ਫਾਰਮੇਸੀ ਨਹੀਂ ਖੋਲ੍ਹਣ ਦੇਵੇਗਾ ਪਰ ਕੁਝ ਸਾਲ ਪਹਿਲਾਂ ਪਿਮਸ ਨੇ ਪਹਿਲੀ ਮੰਜ਼ਿਲ 'ਤੇ ਇਕ ਹੋਰ ਫਾਰਮੇਸੀ ਖੁੱਲ੍ਹਵਾ ਦਿੱਤੀ, ਜਿਸ ਤੋਂ ਬਾਅਦ ਫਾਰਮੇਸੀ ਅਤੇ ਪਿਮਸ ਵਿਚਕਾਰ ਵਿਵਾਦ ਵਧਦਾ ਹੀ ਗਿਆ। ਪਿਮਸ ਪ੍ਰਬੰਧਕਾਂ ਦਾ ਇਸ ਮਾਮਲੇ ਵਿਚ ਕਹਿਣਾ ਸੀ ਕਿ ਫਾਰਮੇਸੀ ਨੇ ਕੁਝ ਸਾਲਾਂ ਤੋਂ ਕਿਰਾਇਆ ਨਹੀਂ ਦਿੱਤਾ ਹੈ। ਵਾਰ-ਵਾਰ ਮੰਗਣ 'ਤੇ ਜਦੋਂ ਉਨ੍ਹਾਂ ਨੇ ਕਿਰਾਇਆ ਨਹੀਂ ਦਿੱਤਾ ਤਾਂ ਲੀਗਲ ਨੋਟਿਸ ਜਾਰੀ ਕਰ ਕੇ 26 ਜਨਵਰੀ 2017 ਤੱਕ ਜਗ੍ਹਾ ਖਾਲੀ ਕਰਨ ਲਈ ਕਿਹਾ ਗਿਆ ਹੈ ਪਰ ਫਾਰਮੇਸੀ ਵੱਲੋਂ ਨਾ ਤਾਂ ਕਿਰਾਇਆ ਦਿੱਤਾ ਗਿਆ, ਨਾ ਹੀ ਜਗ੍ਹਾ ਖਾਲੀ ਕੀਤੀ ਗਈ, ਉਲਟਾ ਉਨ੍ਹਾਂ ਦੀ ਜਗ੍ਹਾ 'ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ, ਜਿਸ ਕਾਰਨ ਦੋਵਾਂ ਦਾ ਮਾਮਲਾ ਅਦਾਲਤ ਤੱਕ ਪਹੁੰਚ ਚੁੱਕਾ ਹੈ। 
ਲਾਇਸੈਂਸ ਦੀਆਂ ਸ਼ਰਤਾਂ ਦੀ ਕੀਤੀ ਉਲੰਘਣਾ, ਰੂਲ 66 ਅਧੀਨ ਕੀਤੀ ਗਈ ਕਾਰਵਾਈ : ਕਰੁਣ ਸਚਦੇਵ
ਜ਼ੋਨਲ ਡਰੱਗ ਅਥਾਰਟੀ ਕਰੁਣ ਸਚਦੇਵ ਦਾ ਕਹਿਣਾ ਹੈ ਕਿ 24 ਆਵਰ ਫਾਰਮੇਸੀ ਦੇ ਲਾਇਸੈਂਸ ਰੱਦ ਕਰਨ ਦਾ ਪਿਮਸ ਨਾਲ ਜਗ੍ਹਾ ਖਾਲੀ ਕਰਨ ਨੂੰ ਚੱਲ ਰਹੇ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਮਾਮਲੇ ਵਿਚ ਉਨ੍ਹਾਂ ਨੇ ਲਾਇਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ, ਜਿਸ ਕਾਰਨ ਰੂਲ 66 ਅਧੀਨ ਉਕਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਡਰੱਗ ਲਾਇਸੈਂਸ ਲੈਂਦੇ ਸਮੇਂ ਸਭ ਤੋਂ ਅਹਿਮ ਸ਼ਰਤ ਹੁੰਦੀ ਹੈ ਕਿ ਲਾਇਸੈਂਸ ਲੈਣ ਵਾਲੇ ਬਿਨੈਕਾਰ ਦੀ ਕੰਪਨੀ ਪ੍ਰੋਪਰਾਈਟਰਸ਼ਿਪ ਹੈ ਜਾਂ ਪਾਰਟਨਰਸ਼ਿਪ। ਜੇਕਰ ਕਿਸੇ ਵੀ ਸਮੇਂ ਇਸ ਵਿਚ ਕੋਈ ਬਦਲਾਅ ਆਉਂਦਾ ਹੈ ਤਾਂ ਉਸਦੀ ਸੂਚਨਾ ਵਿਭਾਗ ਨੂੰ ਦੇਣੀ ਜ਼ਰੂਰੀ ਹੈ। ਬਦਲਾਅ ਕਰਨ ਦੇ ਤਿੰਨ ਮਹੀਨਿਆਂ ਬਾਅਦ ਪੁਰਾਣਾ ਲਾਇਸੈਂਸ ਖੁਦ ਰੱਦ ਹੋ ਜਾਂਦਾ ਹੈ ਅਤੇ ਬਿਨੈਕਾਰ ਨੂੰ ਨਵਾਂ ਲਾਇਸੈਂਸ ਲੈਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ 24 ਆਵਰ ਫਾਰਮੇਸੀ ਨੇ ਵਿਭਾਗ ਨੂੰ ਜੋ ਪਾਰਟਨਰਸ਼ਿਪ ਡੀਡ ਦਿੱਤੀ ਸੀ, ਉਹ ਉਨ੍ਹਾਂ ਵੱਲੋਂ ਪਿਮਸ ਦੇ ਨਾਲ ਚੱਲ ਰਹੇ ਕੇਸ ਵਿਚ ਲਾਈ ਗਈ ਪਾਰਟਨਰਸ਼ਿਪ ਡੀਡ ਤੋਂ ਬਿਲਕੁਲ ਵੱਖਰੀ ਸੀ, ਜਿਸ ਨੂੰ ਲੈ ਕੇ ਉਨ੍ਹਾਂ ਨੂੰ 2-3 ਮਹੀਨੇ ਪਹਿਲਾਂ ਇਕ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦਾ ਉਨ੍ਹਾਂ ਨੇ ਜਵਾਬ ਦਿੱਤਾ ਸੀ ਪਰ ਉਸ ਵਿਚ ਡੀਡ ਨੂੰ ਲੈ ਕੇ ਕੋਈ ਜ਼ਿਕਰ ਨਹੀਂ ਕੀਤਾ ਸੀ। ਇਸ ਤੋਂ ਬਾਅਦ ਚੰਡੀਗੜ੍ਹ ਤੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ। ਤਕਨੀਕੀ ਰੂਪ ਨਾਲ 2010 ਵਿਚ ਆਏ ਬਦਲਾਅ ਕਾਰਨ ਉਨ੍ਹਾਂ ਦਾ ਲਾਇਸੈਂਸ ਰੱਦ ਹੋ ਚੁੱਕਾ ਸੀ। ਉਨ੍ਹਾਂ ਨੂੰ ਸਿਰਫ ਰਸਮੀ ਸੂਚਨਾ ਹੀ ਦਿੱਤੀ ਗਈ ਸੀ। 
ਈ-ਮੇਲ ਦੇ ਆਧਾਰ 'ਤੇ ਕੀਤੀ ਸੀ ਵਿਭਾਗ ਨੂੰ ਸ਼ਿਕਾਇਤ : ਅਮਿਤ ਸਿੰਘ
ਪਿਮਸ ਦੇ ਰੈਜ਼ੀਡੈਂਟ ਡਾਇਰੈਕਟਰ ਅਮਿਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਕ ਗੁਮਨਾਮ ਈ-ਮੇਲ ਆਈ ਸੀ, ਜਿਸ ਦੇ ਆਧਾਰ 'ਤੇ ਉਨ੍ਹਾਂ ਵੱਲੋਂ ਵਿਭਾਗ ਦੇ ਕੋਲ ਇਕ ਸ਼ਿਕਾਇਤ ਦਰਜ ਕੀਤੀ ਗਈ ਸੀ। ਸ਼ਾਇਦ ਵਿਭਾਗ ਨੇ ਉਸ ਨੂੰ ਲੈ ਕੇ ਉਕਤ ਕਾਰਵਾਈ ਕੀਤੀ ਸੀ, ਜਿੱਥੇ ਇਕ ਜਗ੍ਹਾ ਖਾਲੀ ਕਰਵਾਉਣ ਦਾ ਮਾਮਲਾ ਹੈ। ਉਸਦਾ ਅਤੇ ਇਸ ਸ਼ਿਕਾਇਤ ਦਾ ਆਪਸ ਵਿਚ ਸਿੱਧੇ ਤੌਰ 'ਤੇ ਕੋਈ ਕੁਨੈਕਸ਼ਨ ਨਹੀਂ ਹੈ। 


Related News