ਲੁਧਿਆਣਾ ''ਚ 22 ਨਵੇਂ ਕੋਰੋਨਾ ਕੇਸਾਂ ਨੇ ਮਚਾਈ ਤੜਥੱਲੀ, 2 ਰੇਪ ਦੇ ਦੋਸ਼ੀ ਵੀ ਪਾਜ਼ੇਟਿਵ

05/19/2020 2:04:48 PM

ਲੁਧਿਆਣਾ (ਸਹਿਗਲ) : ਮਹਾਂਨਗਰ ’ਚ ਕੋਰੋਨਾ ਵਾਇਰਸ ਦੇ 22 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਤੜਥੱਲੀ ਮਚੀ ਹੋਈ ਹੈ। ਇਨ੍ਹਾਂ ਮਰੀਜ਼ਾਂ 'ਚ 2 ਬਲਾਤਕਾਰ ਦੇ ਦੋਸ਼ੀ ਅਤੇ 6 ਜੇਲ ਦੇ ਕੈਦੀ ਵੀ ਸ਼ਾਮਲ ਹਨ। ਬੀਤੀ ਰਾਤ ਸਿਵਲ ਸਰਜਨ ਵੱਲੋਂ ਜਾਰੀ ਉਕਤ ਰਿਪੋਰਟ ਦੇ ਹਵਾਲੇ 'ਚ ਦੱਸਿਆ ਗਿਆ ਹੈ ਕਿ ਹੋਰਨਾਂ ਮਰੀਜ਼ਾਂ 'ਚ ਦੋ ਆਰ. ਪੀ. ਐੱਫ. ਦੇ ਮੁਲਾਜ਼ਮ, 4 ਫਲੂ ਕਾਰਨਰ ਦੇ ਕੇਸ, 2 ਫਲੂ ਕਾਰਨਰ ਦੇ ਮੁਲਾਜ਼ਮ, 2 ਹਸਪਤਾਲ ਦੇ ਸਟਾਫ ਮੁਲਾਜ਼ਮ ਹਨ, ਜਦੋਂ ਕਿ ਇਕ ਯਾਤਰੀ ਅਤੇ 4 ਮਰੀਜ਼ਾਂ ਦਾ ਵੇਰਵੇ ਅਜੇ ਮਿਲਿਆ ਨਹੀਂ ਹੈ। ਕਿਹਾ ਜਾਂਦਾ ਹੈ ਕਿ ਉਕਤ ਰਿਪੋਰਟ ਸ਼ਾਮ ਨੂੰ ਹੀ ਸਿਹਤ ਅਧਿਕਾਰੀਆਂ ਨੂੰ ਮਿਲ ਗਈ ਸੀ ਪਰ ਜੇਲ ਅਤੇ ਸਿਵਲ ਹਸਪਤਾਲ 'ਚ ਹਫੜਾ-ਦਫੜੀ ਦੇ ਹਾਲਾਤ ਕਾਰਨ ਅਧਿਕਾਰੀਆਂ ਨੇ ਮਰੀਜ਼ਾਂ ਦਾ ਨਾਂ ਦੇਣਾ ਠੀਕ ਨਹੀਂ ਸਮਝਿਆ ਅਤੇ ਰਾਤ 10 ਵਜੇ ਦੇ ਕਰੀਬ ਸਿਰਫ ਇਹੀ ਕਿਹਾ ਗਿਆ ਕਿ 22 ਨਵੇਂ ਮਰੀਜ਼ ਸਾਹਮਣੇ ਆਏ ਹਨ। ਵਰਣਨਯੋਗ ਹੈ ਕਿ ਜ਼ਿਲੇ ਦੇ ਕੋਰੋਨਾ ਵਾਇਰਸ ਦੇ ਕੇਸਾਂ ਲਈ ਤਿੰਨ ਤੋਂ ਚਾਰ ਨੋਫਲ ਅਫਸਰ ਬਣਾਏ ਗਏ ਹਨ ਪਰ ਕਿਸੇ ਵੱਲੋਂ ਸਮੇਂ ’ਤੇ ਰਿਪੋਰਟਾਂ ਦਾ ਵੇਰਵਾ ਸਮੇਂ ’ਤੇ ਨਹੀਂ ਦਿੱਤਾ ਜਾਂਦਾ। ਦੇਰ ਨਾਲ ਰਿਪੋਰਟ ਜਾਰੀ ਕੀਤੀ ਜਾਂਦੀ ਹੈ।
ਜੇਲ ਗਾਰਦ, ਮੈਡੀਕਲ ਅਧਿਕਾਰੀ ਅਤੇ ਬੰਦੀ ਹੋਣਗੇ ਕੁਅਰੰਟਾਈਨ
ਤਾਜਪੁਰ ਰੋਡ, ਬ੍ਰੋਸਟਲ ਜੇਲ ਦੀ ਕੁਅਰੰਟਾਈਨ ਬੈਰਕ 'ਚ 6 ਕੈਦੀਆਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਕਾਰਨ ਭੱਜਦੌੜ ਮਚ ਗਈ ਹੈ, ਜਿਸ ਕਾਰਨ ਬੈਰਕ 'ਚ ਡਿਊਟੀ ਕਰਨ ਵਾਲੇ ਕਰਮਚਾਰੀਆਂ, ਮੈਡੀਕਲ ਅਧਿਕਾਰੀਆਂ ਅਤੇ 50 ਦੇ ਲਗਭਗ ਕੈਦੀਆਂ ਦਾ ਕੋਰੋਨਾ ਟੈਸਟ ਹੋਣ ਦੇ ਉਪਰੰਤ ਕੁਆਰੰਟਾਈਨ ਹੋਣਾ ਪਵੇਗਾ, ਜਿਸ ਬੈਰਕ 'ਚ 6 ਕੈਦੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ, ਉਸ ਬੈਰਕ 'ਚ 20 ਅਪ੍ਰੈਲ ਤੋਂ ਕੁੱਝ ਦਿਨ ਅੰਦਰ ਕੈਦੀਆਂ ਦੀ ਕੁੱਲ ਗਿਣਤੀ 80 ਦੇ ਲਗਭਗ ਸੀ। ਬੈਰਕ 'ਚ ਡਿਊਟੀ ਕਰਨ ਵਾਲੇ ਕਰਮਚਾਰੀਆਂ ਤੋਂ ਇਲਾਵਾ ਮੈਡੀਕਲ ਅਧਿਕਾਰੀ ਵੀ ਚੈੱਕਅਪ ਲਈ ਆਉਂਦੇ-ਜਾਂਦੇ ਰਹਿੰਦੇ ਸਨ ਪਰ ਉਪਰੋਕਤ ਬੈਰਕ ਤੋਂ 25 ਦੇ ਲਗਭਗ ਕੈਦੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਅ ਕੀਤਾ ਜਾ ਚੁੱਕਾ ਹੈ। ਹੁਣ ਬੈਰਕ 'ਚ ਗਿਣਤੀ 50 ਦੇ ਲਗਭਗ ਦੱਸੀ ਜਾ ਰਹੀ ਹੈ। ਪਾਜ਼ੇਟਿਵ ਆਉਣ ਵਾਲੇ ਕੈਦੀਆਂ ਨੂੰ ਜੇਲ ਤੋਂ ਬਾਹਰ ਭੇਜਣ ਲਈ ਮੈਡੀਕਲ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਏ. ਡੀ. ਜੀ. ਪੀ. (ਜੇਲ) ਨੂੰ ਵੀ ਦਿੱਤੀ ਗਈ ਹੈ।
 


Babita

Content Editor

Related News