'ਫੁੱਲਾਂਵਾਲ' 'ਚ ਬਣਿਆ ਸਭ ਤੋਂ ਛੋਟੀ ਉਮਰ ਦਾ ਸਰਪੰਚ
Wednesday, Dec 26, 2018 - 03:25 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਪਿੰਡ ਫੁੱਲਾਂਵਾਲ ਦੇ ਵਾਸੀਆਂ ਨੇ 21 ਸਾਲਾ ਨੌਜਵਾਨ ਨੂੰ ਪਿੰਡ ਦਾ ਸਰਪੰਚ ਚੁਣ ਕੇ ਪੂਰੇ ਸੂਬੇ 'ਚ ਇਕ ਮਿਸਾਲ ਕਾਇਮ ਕੀਤੀ ਹੈ। 21 ਸਾਲਾ ਸੰਨੀ ਸੇਖੋਂ, ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਸਰਪੰਚ ਬਣ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸੰਨੀ ਸਾਰਿਆਂ ਦੀਆਂ ਉਮੀਦਾਂ 'ਤੇ ਖਰਾ ਉਤਰੇਗਾ ਅਤੇ ਪਿੰਡ ਦਾ ਵਿਕਾਸ ਕਰਾਵੇਗਾ। ਜਦੋਂ ਇਸ ਬਾਰੇ ਨਵੇਂ ਨਿਯੁਕਤ ਕੀਤੇ ਸਰਪੰਚ ਸੰਨੀ ਸੇਖੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਪਿੰਡ ਵਾਸੀਆਂ ਨੇ ਸਰਬ-ਸੰਮਤੀ ਨਾਲ ਚੁਣਿਆ ਹੈ ਅਤੇ ਉਹ ਪੂਰਨ ਤੌਰ 'ਤੇ ਪਿੰਡ ਦਾ ਵਿਕਾਸ ਕਰਾਵੇਗਾ ਅਤੇ ਅਧੂਰੇ ਰਹਿ ਗਏ ਕੰਮਾਂ ਨੂੰ ਵੀ ਪੂਰਾ ਕਰੇਗਾ।
ਸੰਨੀ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਪਿੰਡ 'ਚੋਂ ਨਸ਼ਾ ਖਤਮ ਕਰਕੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੇਗਾ। ਸੰਨੀ ਸੇਖੋਂ ਦੇ ਸਰਪੰਚ ਚੁਣੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਸੰਨੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਪੁੱਤਰ 'ਤੇ ਮਾਣ ਹੈ। ਸੰਨੀ ਨੇ 21 ਸਾਲ ਦੀ ਉਮਰ 'ਚ ਪਿੰਡ 'ਫੁੱਲਾਂਵਾਲ' ਦਾ ਸਰਪੰਚ ਬਣ ਕੇ ਪੂਰੇ ਪੰਜਾਬ 'ਚ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਸਾਨੂੰ ਵੀ ਲੋੜ ਹੈ ਪਿੰਡ ਫੁੱਲਾਂਵਾਲ ਤੋਂ ਸੇਧ ਲੈਣ ਦੀ ਤਾਂ ਜੋ ਚੋਣਾਂ 'ਤੇ ਖਰਚੇ ਜਾਣ ਵਾਲੇ ਲੱਖਾਂ ਰੁਪਏ ਬਚਾਏ ਜਾ ਸਕਣ ਅਤੇ ਨਾਲ ਹੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦੀ ਨੁਹਾਰ ਬਦਲੀ ਜਾ ਸਕੇ।
