ਜੰਮੂ-ਕਸ਼ਮੀਰ ਆਧਾਰਿਤ ਨਸ਼ਾ ਸਮੱਗਲਰਾਂ ਕੋਲੋਂ 21 ਕਿੱਲੋ ਹੈਰੋਇਨ ਅਤੇ 1.9 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ
Wednesday, Sep 08, 2021 - 01:34 AM (IST)
ਚੰਡੀਗੜ੍ਹ/ਅੰਮ੍ਰਿਤਸਰ(ਰਮਨਜੀਤ)- ਪੰਜਾਬ ਪੁਲਸ ਤੋਂ ਮਿਲੀ ਪੁਖਤਾ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਜੰਮੂ-ਕਸ਼ਮੀਰ ਪੁਲਸ ਅਤੇ ਭਾਰਤੀ ਫੌਜ ਵਲੋਂ ਚਲਾਏ ਸਾਂਝੇ ਆਪ੍ਰੇਸ਼ਨ ਤਹਿਤ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਤੋਂ 1.64 ਕਰੋੜ ਰੁਪਏ ਦੀ ਡਰੱਗ ਮਨੀ ਨਾਲ ਭਰੇ 2 ਬੈਗ ਬਰਾਮਦ ਕੀਤੇ ਗਏ ।
ਇਹ ਡਰੱਗ ਮਨੀ ਕਥਿਤ ਤੌਰ ’ਤੇ ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ 26 ਅਗਸਤ, 2021 ਨੂੰ ਜ਼ਬਤ ਕੀਤੀ 17 ਕਿਲੋ ਹੈਰੋਇਨ ਨਾਲ ਸਬੰਧਤ ਦੱਸੀ ਜਾਂਦੀ ਹੈ। ਪੁਲਸ ਵਲੋਂ ਇਹ ਬਰਾਮਦਗੀ ਅੰਮ੍ਰਿਤਸਰ ਅਧਾਰਤ ਰਣਜੀਤ ਸਿੰਘ ਉਰਫ਼ ਸੋਨੂ, ਜੋ ਆਪਣੀ ਟੋਇਓਟਾ ਇਨੋਵਾ ਕੈਬ ਦੇ ਹੇਠਲੇ ਭਾਗ ਵਿਚ ਵਿਸ਼ੇਸ਼ ਤੌਰ ’ਤੇ ਫਿੱਟ ਕੀਤੇ ਕੰਪਾਰਟਮੈਂਟ ਰਾਹੀਂ ਸਮੱਗਲਿੰਗ ਕਰ ਰਿਹਾ ਸੀ, ਕੋਲੋਂ ਕੀਤੀ ਗਈ।
ਇਹ ਵੀ ਪੜ੍ਹੋ- ਮੋਦੀ ਦੇ ਇਸ਼ਾਰੇ ’ਤੇ DAP ਦੀ ਕਿੱਲਤ ਪੈਦਾ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਨੇ ਕੈਪਟਨ : ਸੰਧਵਾਂ
ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਜਾਂਚ ਦੌਰਾਨ ਸੋਨੂੰ ਨੇ ਖੁਲਾਸਾ ਕੀਤਾ ਕਿ ਉਸਨੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਇਲਾਕੇ ਦੇ ਨਸ਼ਾ ਸਮੱਗਲਰਾਂ ਤੋਂ ਨਸ਼ੇ ਦੀ ਖੇਪ ਪ੍ਰਾਪਤ ਕੀਤੀ ਸੀ, ਜਿਨ੍ਹਾਂ ਦੀ ਪਛਾਣ ਸਿਕੰਦਰ ਹਯਾਤ ਅਤੇ ਜ਼ਫ਼ਰ ਹੁਸੈਨ ਵਜੋਂ ਕੀਤੀ ਗਈ ਹੈ। ਡੀ.ਜੀ.ਪੀ. ਨੇ ਕਿਹਾ ਕਿ ਸੋਨੂੰ ਵਲੋਂ ਦਿੱਤੀ ਜਾਣਕਾਰੀ ’ਤੇ ਪੰਜਾਬ ਤੋਂ ਇਕ ਪੁਲਸ ਟੀਮ ਨੌਸ਼ਹਿਰਾ ਭੇਜੀ ਗਈ, ਜੋ 29 ਅਗਸਤ, 2021 ਨੂੰ ਸਿਕੰਦਰ ਅਤੇ ਜਫ਼ਰ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬ ਰਹੀ। ਬਾਅਦ ਵਿਚ ਸਿਕੰਦਰ ਅਤੇ ਜਫ਼ਰ ਦੇ ਖੁਲਾਸਿਆਂ ’ਤੇ ਪੰਜਾਬ ਦੀਆਂ ਪੁਲਸ ਟੀਮਾਂ ਨੇ ਨੌਸ਼ਹਿਰਾ ਸਥਿਤ ਉਨ੍ਹਾਂ ਦੇ ਘਰ ਤੋਂ 29.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਉਨ੍ਹਾਂ ਕਿਹਾ ਅਤੇ ਜਫਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਲਸ ਨੇ ਸ਼ਨੀਵਾਰ ਨੂੰ 4 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਸੀ, ਜੋ ਕਿ ਬੜੀ ਚਲਾਕੀ ਨਾਲ ਉਸਨੇ ਇਨੋਵਾ ਕਾਰ ਦੇ ਦਰਵਾਜ਼ਿਆਂ ਵਿਚ ਛੁਪਾਈ ਸੀ।
ਇਹ ਵੀ ਪੜ੍ਹੋ- ਜੰਗਲਾਤ ਵਿਭਾਗ ਨੇ ਸਾਢੇ 4 ਸਾਲਾਂ ’ਚ 853 ਏਕੜ ਜੰਗਲੀ ਰਕਬੇ ’ਤੇ ਨਾਜ਼ਾਇਜ ਕਬਜ਼ੇ ਛੁਡਾਏ : ਧਰਮਸੌਤ
ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਹੋਰ ਜਾਂਚ ਦੌਰਾਨ ਦੋਵਾਂ ਨੇ ਡਰੱਗ ਮਨੀ ਬਾਰੇ ਖੁਲਾਸਾ ਕੀਤਾ, ਜੋ ਉਨ੍ਹਾਂ ਦੇ ਤੀਜੇ ਸਾਥੀ ਮੰਜੂਰ ਹੁਸੈਨ ਨੇ ਆਪਣੇ ਘਰ ਛੁਪਾਈ ਹੋਈ ਸੀ। ਅੰਮ੍ਰਿਤਸਰ (ਦਿਹਾਤੀ) ਪੁਲਸ ਨੇ ਕਾਰਵਾਈ ਕਰਦਿਆਂ, ਜੰਮੂ-ਕਸ਼ਮੀਰ ਪੁਲਸ ਨੇ ਫੌਜ ਦੇ ਨਾਲ ਇਕ ਜਾਂਚ ਮੁਹਿੰਮ ਸ਼ੁਰੂ ਕੀਤੀ, ਜਿਸ ਤਹਿਤ ਪੁਲਸ ਦੋ ਬੈਗਾਂ ਵਿਚੋਂ 1,64,70,600 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।