ਰਜਬਾਹੇ ''ਚ ਪਾੜ ਪੈਣ ਕਰ ਕੇ 200 ਏਕੜ ਫਸਲ ਡੁੱਬੀ

Friday, Jan 26, 2018 - 04:57 AM (IST)

ਰਜਬਾਹੇ ''ਚ ਪਾੜ ਪੈਣ ਕਰ ਕੇ 200 ਏਕੜ ਫਸਲ ਡੁੱਬੀ

ਗਿੱਦੜਬਾਹਾ, (ਕੁਲਭੂਸ਼ਨ)- ਪਿੰਡ ਕੋਟਲੀ ਨਜ਼ਦੀਕ ਜੈਤੋ ਰਜਬਾਹੇ 'ਚ ਅੱਜ ਕਰੀਬ 50 ਫੁੱਟ ਚੌੜਾ ਪਾੜ ਪੈਣ ਕਾਰਨ ਰਜਬਾਹੇ ਦੇ ਨਾਲ ਲੱਗਦੀ ਕੋਠੇ ਫੁੰਮਣ ਸਿੰਘ ਵਾਲਾ ਦੀ ਕਰੀਬ 200 ਏਕੜ ਕਣਕ ਦੀ ਫਸਲ 'ਚ ਪਾਣੀ ਭਰ ਗਿਆ। 
ਜਾਣਕਾਰੀ ਦਿੰਦਿਆਂ ਕਿਸਾਨਾਂ ਗੁਰਸੇਵਕ ਸਿੰਘ, ਜਸਕਰਨ ਸਿੰਘ, ਜਗਤਾਰ ਸਿੰਘ, ਗੁਰਪਿਆਰ ਸਿੰਘ, ਬਲਜੇਤ ਸਿੰਘ, ਰਣਜੀਤ ਸਿੰਘ, ਜਗਮੀਤ ਸਿੰਘ, ਰਜਿੰਦਰ ਸਿੰਘ, ਅਮਨਦੀਪ ਸਿੰਘ, ਸੁਖਮੰਦਰ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਰਾਤ ਇਸ ਰਜਬਾਹੇ 'ਚ ਪਾੜ ਪੈਣ ਕਾਰਨ ਨਾਲ ਲੱਗਦੇ ਖੇਤਾਂ ਵਿਚ ਖੜ੍ਹੀ ਕਣਕ ਦੀ ਫਸਲ 'ਚ ਪਾਣੀ ਭਰਨ ਨਾਲ ਭਾਰੀ ਨੁਕਸਾਨ ਹੋ ਗਿਆ ਪਰ ਕੜਾਕੇ ਦੀ ਠੰਡ ਅਤੇ ਧੁੱਦ ਹੋਣ ਦੇ ਬਾਵਜੂਦ ਕਿਸਾਨਾਂ ਵੱਲੋਂ ਟਰੈਕਟਰ-ਟਰਾਲੀਆਂ ਅਤੇ ਜੇ. ਸੀ. ਬੀ. ਦੀ ਮਦਦ ਨਾਲ ਕਰੀਬ 6 ਘੰਟਿਆਂ ਦੀ ਮੁਸ਼ੱਕਤ ਨਾਲ ਪਾੜ ਨੂੰ ਭਰਿਆ ਗਿਆ। 
ਕਿਸਾਨਾਂ ਨੇ ਸਬੰਧਤ ਵਿਭਾਗ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਰਜਬਾਹੇ ਦੀ ਪਿਛਲੇ ਲੰਮੇ ਸਮੇਂ ਤੋਂ ਸਫ਼ਾਈ ਨਹੀਂ ਕੀਤੀ ਗਈ ਅਤੇ ਨਾ ਹੀ ਸਮਾਂ ਰਹਿੰਦਿਆਂ ਕੋਈ ਧਿਆਨ ਦਿੱਤਾ ਗਿਆ, ਜਿਸ ਕਰ ਕੇ ਅਜਿਹੀ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਇਸ ਰਜਬਾਹੇ 'ਚ ਪਹਿਲਾਂ ਵੀ ਕਈ ਵਾਰ ਪਾੜ ਪੈ ਚੁੱਕਾ ਹੈ ਪਰ ਸਬੰਧਤ ਵਿਭਾਗ ਵੱਲੋਂ ਖਾਨਾਪੂਰਤੀ ਕਰ ਕੇ ਡੰਗ ਟਪਾਇਆ ਜਾ ਰਿਹਾ ਹੈ। ਪੀੜਤ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਫਸਲਾਂ ਨੂੰ ਧਿਆਨ 'ਚ ਰੱਖਦਿਆਂ ਇਸ ਦੀ ਵਿਸ਼ੇਸ਼ ਤੌਰ 'ਤੇ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ ਤੇ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਇਸ ਸਬੰਧੀ ਜਦੋਂ ਮੌਕੇ 'ਤੇ ਪਹੁੰਚੇ ਜੇ. ਈ. ਮੁਕੁਲ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਪਿੰਡਾਂ ਦੇ ਮੋਘੇ ਬੰਦ ਹੋਣ 'ਤੇ ਪਾਣੀ ਵਧਣ ਕਰ ਕੇ ਰਜਬਾਹੇ 'ਚ ਪਾੜ ਪਿਆ ਹੈ। 
ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਰੀ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਕੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਸਿਫਾਰਿਸ਼ ਕੀਤੀ ਜਾਵੇਗੀ। 


Related News