20 ਸਾਲ ਪੁਰਾਣੀਆਂ ਗੱਡੀਆਂ ਦਾ ਅਜੇ ਵੀ ਸੜਕਾਂ ''ਤੇ ''ਰਾਜ''

Wednesday, Jul 12, 2017 - 03:45 PM (IST)

ਅੰਮ੍ਰਿਤਸਰ - ਮਹਾਨਗਰ 'ਚ ਵੱਧ ਰਹੀ ਆਬਾਦੀ ਦੇ ਨਾਲ-ਨਾਲ ਵਾਹਨਾਂ ਦੀ ਗਿਣਤੀ 'ਚ ਵੀ ਭਾਰਾ ਵਾਧਾ ਹੁੰਦਾ ਜਾ ਰਿਹਾ ਹੈ। ਟ੍ਰਾਂਸਪੋਰਟ ਵਿਭਾਗ ਵੱਲੋਂ ਲਗਭਗ 3 ਮਹੀਨਿਆਂ 'ਚ 9999 ਗੱਡੀਆਂ ਰਜਿਸਟਰਡ ਹੋ ਰਹੀਆਂ ਹਨ ਅਤੇ ਸ਼ਹਿਰ ਵਿਚ 20 ਸਾਲ ਪੁਰਾਣੀਆਂ ਗੱਡੀਆਂ ਵੀ ਸੜਕਾਂ 'ਤੇ ਭੱਜਦੀਆਂ ਵਿਖਾਈ ਦਿੰਦੀਆਂ ਹਨ, ਜਦੋਂ ਕਿ ਨਿਯਮਾਂ ਅਨੁਸਾਰ 15 ਸਾਲ ਪੁਰਾਣੀਆਂ ਗੱਡੀਆਂ ਨੂੰ ਕੰਡਮ ਕਰਾਰ ਦੇਣਾ ਚਾਹੀਦਾ ਹੈ। ਜ਼ਿਆਦਾਤਰ ਇਨ੍ਹਾਂ ਗੱਡੀਆਂ ਦਾ ਨਾ ਤਾਂ ਰੋਡ ਟੈਕਸ ਭਰਿਆ ਹੁੰਦਾ ਹੈ ਤੇ ਨਾ ਹੀ ਇਨ੍ਹਾਂ ਦੀ ਫਿਟਨੈੱਸ ਹੁੰਦੀ ਹੈ ਅਤੇ 15 ਸਾਲ ਪੁਰਾਣੀ ਗੱਡੀ ਦੀ ਇੰਸ਼ੋਰੈਂਸ ਵੀ ਨਹੀਂ ਹੁੰਦੀ, ਜੋ ਕਿ ਸਿੱਧੇ-ਸਿੱਧੇ ਕਾਨੂੰਨ ਦੀ ਉਲੰਘਣਾ ਹੈ।
ਹੈਲਮੇਟ ਨਾ ਪਹਿਨਣਾ ਚਾਲਕ ਸਮਝਦੇ ਹਨ ਸ਼ਾਨ 
ਮਾਣਯੋਗ ਹਾਈ ਕੋਰਟ ਵੱਲੋਂ ਦੋਪਹੀਆ ਚਾਲਕ ਲਈ ਹੈਲਮੇਟ ਪਹਿਨਣਾ ਲਾਜ਼ਮੀ ਹੈ ਤਾਂ ਕਿ ਹਾਦਸਾ ਹੋਣ 'ਤੇ ਚਾਲਕ ਸਿਰ ਦੀ ਸੱਟ ਤੋਂ ਬਚ ਸਕੇ ਪਰ ਅੱਜਕਲ ਕੁਝ ਲੋਕ ਹੈਲਮੇਟ ਪਹਿਨਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ ਅਤੇ ਸ਼ਹਿਰ ਵਿਚ ਬਿਨਾਂ ਹੈਲਮੇਟ ਦੇ ਵਾਹਨ ਚਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ ਅਤੇ ਚੈਕਿੰਗ ਸਮੇਂ ਜਦੋਂ ਟ੍ਰੈਫਿਕ ਮੁਲਾਜ਼ਮ ਵੱਲੋਂ ਰੋਕਿਆ ਜਾਂਦਾ ਹੈ ਤਾਂ ਚਾਲਕ ਮੋਬਾਇਲ ਫੋਨ 'ਤੇ ਕਿਸੇ ਨੇਤਾ ਜਾਂ ਨਾਮਵਰ ਵਿਅਕਤੀ ਜਿਸ ਦੀ ਸਮਾਜ ਵਿਚ ਪਛਾਣ ਹੋਵੇ, ਨਾਲ ਗੱਲ ਕਰਵਾ ਕੇ ਮਜ਼ੇ ਨਾਲ ਅੱਗੇ ਨਿਕਲ ਜਾਂਦੇ ਹਨ। ਟ੍ਰੈਫਿਕ ਕਰਮਚਾਰੀਆਂ ਲਈ ਉਨ੍ਹਾਂ ਨੂੰ ਛੱਡਣਾ ਸ਼ਾਇਦ ਮਜਬੂਰੀ ਬਣ ਜਾਂਦੀ ਹੈ ਅਤੇ ਉਹ ਬੇਵੱਸ ਵਿਖਾਈ ਦਿੰਦੇ ਹਨ। 
ਚਾਲਕ ਰਾਤ ਦੇ ਸਮੇਂ ਨਹੀਂ ਕਰਦੇ ਡਿਪਰ ਦਾ ਪ੍ਰਯੋਗ
ਵਾਹਨ ਚਾਲਕਾਂ ਨੂੰ ਰਾਤ ਦੇ ਸਮੇਂ ਡਿਪਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਪਰ ਅਜਿਹਾ ਹੁੰਦਾ ਨਹੀਂ। ਸਾਹਮਣਿਓਂ ਆ ਰਹੀ ਗੱਡੀ ਨੂੰ ਹੈੱਡ ਲਾਈਟਸ ਡਿਮ ਕਰ ਕੇ ਅੱਗੇ ਵਧਣਾ ਚਾਹੀਦਾ ਹੈ ਤਾਂ ਕਿ ਅੱਗੋਂ ਆ ਰਹੀ ਗੱਡੀ ਦੇ ਡਰਾਈਵਰ ਦੀਆਂ ਅੱਖਾਂ ਵਿਚ ਤੇਜ਼ ਰੌਸ਼ਨੀ ਨਾ ਪਏ। ਇਹ ਵੀ ਹਾਦਸੇ ਦਾ ਇਕ ਕਾਰਨ ਹੈ।
ਘੱਟ ਉਮਰ ਦੇ ਨੌਜਵਾਨ ਚਲਾਉਂਦੇ ਹਨ ਗੱਡੀਆਂ
ਟ੍ਰੈਫਿਕ ਪੁਲਸ ਵੱਲੋਂ ਸ਼ਹਿਰ ਵਿਚ ਨਾਕੇ ਲਾ ਕੇ ਵਾਹਨਾਂ ਦੇ ਪੇਪਰਾਂ ਦੀ ਜਾਂਚ ਵੀ ਕੀਤੀ ਜਾਂਦੀ ਹੈ ਅਤੇ ਕਾਗਜ਼ਾਂ ਵਿਚ ਕਮੀ ਪਾਏ ਜਾਣ 'ਤੇ ਉਨ੍ਹਾਂ ਦੇ ਚਲਾਨ ਵੀ ਹੁੰਦੇ ਹਨ ਪਰ ਫਿਰ ਵੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੋਈ। 15 ਸਾਲ ਤੋਂ ਘੱਟ ਉਮਰ ਦੇ ਲੜਕੇ-ਲੜਕੀਆਂ ਬਿਨਾਂ ਗਿਅਰ ਵਾਲੀ ਗੱਡੀ ਹੀ ਚਲਾ ਸਕਦੇ ਹਨ ਪਰ ਘੱਟ ਉਮਰ ਦੇ ਬੱਚੇ ਮੋਟਰਸਾਈਕਲ ਅਤੇ ਕਾਰ ਚਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਟ੍ਰੈਫਿਕ ਦੇ ਨਿਯਮਾਂ ਦਾ ਵੀ ਪਤਾ ਨਹੀਂ ਹੁੰਦਾ, ਜਿਸ ਕਾਰਨ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਇਹ ਤਾਂ ਬੱਚਿਆਂ ਦੇ ਮਾਤਾ-ਪਿਤਾ ਦਾ ਫਰਜ਼ ਬਣਦਾ ਹੈ। ਉਹ ਆਪਣੇ ਸਮੇਂ ਦੀ ਬੱਚਤ ਕਰਨ ਲਈ ਸਕੂਲਾਂ-ਕਾਲਜਾਂ ਵਿਚ ਬੱਚਿਆਂ ਨੂੰ ਗੱਡੀਆਂ ਦੇ ਦਿੰਦੇ ਹਨ।
 


Related News