ਵਿਦਿਆਰਥਣ ਨੂੰ 2 ਨੌਜਵਾਨਾਂ ਨੇ ਕੀਤੀ ਅਗਵਾ ਕਰਨ ਦੀ ਕੋਸ਼ਿਸ਼, ਕੁੜੀ ਨੇ ਚੱਲਦੇ ਮੋਟਰਸਾਈਕਲ ਤੋਂ ਮਾਰੀ ਛਾਲ

12/18/2022 12:25:38 PM

ਅਜਨਾਲਾ (ਗੁਰਜੰਟ)- ਸਥਾਨਕ ਸ਼ਹਿਰ ਅਜਨਾਲਾ ਦੇ ਨਾਲ ਲੱਗਦੇ ਪਿੰਡ ਸਰਾਂ ਦੀ ਰਹਿਣ ਵਾਲੀ ਇਕ ਨਾਬਾਲਗ ਕੁੜੀ ਨੂੰ ਸਕੂਲ ਤੋਂ ਵਾਪਸ ਆਉਂਦਿਆਂ 2 ਲੜਕਿਆਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬਲਜੀਤ ਕੌਰ ਪਤਨੀ ਮੰਗਲ ਸਿੰਘ, ਸਰਵਣ ਸਿੰਘ ਗਬਰ ਅਤੇ ਸਰਪੰਚ ਰਾਜਵਿੰਦਰ ਕੌਰ ਦੇ ਪਤੀ ਹਰਪ੍ਰੀਤ ਸਿੰਘ ਵਾਸੀ ਸਰਾਂ ਨੇ ਦੱਸਿਆ ਕਿ ਮੇਰੀ ਕੁੜੀ ਕਾਜਲ (13) ਸਰਕਾਰੀ ਕੁੜੀਆਂ ਵਾਲੇ ਸਕੂਲ ਅਜਨਾਲਾ ਵਿਖੇ 7ਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਅੱਜ ਜਦੋਂ ਉਹ ਵਾਪਸ ਸਕੂਲੋਂ ਘਰ ਨੂੰ ਆ ਰਹੀ ਸੀ ਤਾਂ ਅਜਨਾਲਾ ਦੇ ਬਾਜ਼ਾਰ ’ਚ ਪਿੰਡ ਦੇ 2 ਨੌਜਵਾਨਾਂ ਨੇ ਉਸ ਨੂੰ ਘਰ ਜਾਣ ਦੇ ਬਹਾਨੇ ਮੋਟਰਸਾਈਕਲ ’ਤੇ ਬਿਠਾ ਲਿਆ। ਜਦੋਂ ਉਨ੍ਹਾਂ ਨੌਜਵਾਨਾਂ ਵੱਲੋਂ ਮੋਟਰਸਾਈਕਲ ਪਿੰਡ ਦੀ ਬਜਾਏ ਅਜਨਾਲਾ ਦੀਆਂ ਗਲੀਆਂ ’ਚ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਕੁੜੀ ਨੇ ਮੋਟਰਸਾਈਕਲ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦਾ ਮੂੰਹ ਥੱਲੇ ਵੱਜਣ ਨਾਲ ਦੋ ਤੋਂ ਤਿੰਨ ਦੰਦ ਟੁੱਟ ਗਏ ਅਤੇ ਹੋਰ ਵੀ ਸੱਟਾਂ ਲੱਗੀਆਂ। 

ਇਹ ਵੀ ਪੜ੍ਹੋ- ਅੱਤਵਾਦੀ ਹਰਵਿੰਦਰ ਰਿੰਦਾ ਨੂੰ ਲੈ ਕੇ ਹੁਣ ਸਾਹਮਣੇ ਆਈ ਇਹ ਗੱਲ

ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਹਾਲਾਤ ’ਚ ਅਸੀਂ ਕੁੜੀ ਨੂੰ ਸਰਕਾਰੀ ਹਸਪਤਾਲ ਅਜਨਾਲਾ ਵਿਖੇ ਲੈ ਕੇ ਆਏ ਤਾਂ ਡਾਕਟਰਾਂ ਵੱਲੋਂ ਉਸ ਨੂੰ ਦਾਖ਼ਲ ਕਰਨ ਲਈ 1000 ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਦੀ ਸੂਰਤ ’ਚ ਡਾਕਟਰਾਂ ਵੱਲੋਂ ਉਸ ਨੂੰ ਸਿਰਫ਼ ਪੱਟੀ ਕਰ ਕੇ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਵਿਅਕਤੀਆਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਬਹਿਬਲ ਇਨਸਾਫ਼ ਮੋਰਚੇ 'ਤੇ ਪਹੁੰਚੇ ਸੁਖਪਾਲ ਖਹਿਰਾ, ਮੰਗਿਆ ਕੁਲਤਾਰ ਸੰਧਵਾਂ ਦਾ ਅਸਤੀਫ਼ਾ

ਇਸ ਸਬੰਧੀ ਮੈਡੀਕਲ ਅਫ਼ਸਰ ਡਾਕਟਰ ਅਨਮੋਲਦੀਪ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਪੈਸਿਆਂ ਦੀ ਮੰਗ ਨਹੀਂ ਕੀਤੀ ਗਈ, ਸਿਰਫ਼ ਸਰਕਾਰੀ ਫ਼ੀਸਾਂ ਦੇ ਪੈਸੇ ਹੀ ਮੰਗੇ ਗਏ ਹਨ। ਇਸ ਮਾਮਲੇ ਸਬੰਧੀ ਪੁਲਸ ਚੌਕੀ ਅਜਨਾਲਾ ਦੇ ਇੰਚਾਰਜ ਆਗਿਆਪਾਲ ਸਿੰਘ ਨੂੰ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਕੀਤੀ ਜਾਵੇਗੀ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


 


Shivani Bassan

Content Editor

Related News