ਪਿੰਡ ਬੇਗੋਵਾਲ 'ਚ ਨਸ਼ੇ ਨੇ ਬੁਝਾਏ 2 ਘਰਾਂ ਦੇ ਚਿਰਾਗ, ਨਸ਼ੇ ਦਾ ਟੀਕਾ ਲਾਉਣ ਕਾਰਨ 2 ਦੋਸਤਾਂ ਦੀ ਮੌਤ

Thursday, May 05, 2022 - 04:16 PM (IST)

ਪਿੰਡ ਬੇਗੋਵਾਲ 'ਚ ਨਸ਼ੇ ਨੇ ਬੁਝਾਏ 2 ਘਰਾਂ ਦੇ ਚਿਰਾਗ, ਨਸ਼ੇ ਦਾ ਟੀਕਾ ਲਾਉਣ ਕਾਰਨ 2 ਦੋਸਤਾਂ ਦੀ ਮੌਤ

ਪਾਇਲ (ਵਿਪਨ) : ਪੰਜਾਬ ਅੰਦਰ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ। ਜਿੱਥੇ ਪਹਿਲਾਂ ਹੋਰ ਸਰਕਾਰਾਂ ਨਸ਼ਾ ਰੋਕਣ 'ਚ ਫੇਲ੍ਹ ਸਾਬਤ ਹੋਈਆਂ ਹਨ, ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 50 ਦਿਨਾਂ ਦੌਰਾਨ ਵੀ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਰੁਕ ਨਹੀਂ ਸਕੀਆਂ। ਹੁਣ ਦੋਰਾਹਾ ਦੇ ਪਿੰਡ ਬੇਗੋਵਾਲ ਵਿਖੇ ਨਸ਼ੇ ਨੇ 2 ਨੌਜਵਾਨਾਂ ਦੀ ਜਾਨ ਲੈ ਲਈ। ਨਸ਼ੇ ਦਾ ਟੀਕਾ ਲਾਉਣ ਨਾਲ ਇੱਕ ਨੌਜਵਾਨ ਕੁੱਝ ਦਿਨ ਪਹਿਲਾਂ ਮੌਤ ਦਾ ਸ਼ਿਕਾਰ ਹੋਇਆ ਤਾਂ ਦੂਜੇ ਨੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਤੜਫਦੇ ਹੋਏ ਜਾਨ ਦੇ ਦਿੱਤੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪਿੰਡ 'ਚ ਸ਼ਰੇਆਮ ਨਸ਼ਾ ਵਿਕਦਾ ਹੈ, ਜਦੋਂ ਕਿ ਪੁਲਸ 2 ਜਾਨਾਂ ਜਾਣ ਮਗਰੋਂ ਵੀ ਕਹਿ ਰਹੀ ਹੈ ਕਿ ਮੌਤ ਨਸ਼ੇ ਨਾਲ ਨਹੀਂ ਹੋਈ। ਜਾਣਕਾਰੀ ਮੁਤਾਬਕ ਪਿੰਡ ਬੇਗੋਵਾਲ ਵਿਖੇ ਕੁੱਝ ਦਿਨ ਪਹਿਲਾਂ 2 ਦੋਸਤਾਂ ਨੇ ਇਕੱਠੇ ਨਸ਼ੇ ਦਾ ਟੀਕਾ ਲਗਾਇਆ ਸੀ।

ਇਹ ਵੀ ਪੜ੍ਹੋ : ਸਿਆਸੀ ਦਬਾਅ ਕਾਰਨ 'ਆਪ' ਆਗੂਆਂ ਤੇ ਵਾਲੰਟੀਅਰਾਂ 'ਤੇ ਦਰਜ ਮਾਮਲਿਆਂ ਦੀ ਦੁਬਾਰਾ ਹੋਵੇਗੀ ਜਾਂਚ

ਇਸ ਮਗਰੋਂ ਇੱਕ ਨੌਜਵਾਨ ਰੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਸਬੰਧੀ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਮਗਰੋਂ ਭੋਗ ਵੀ ਪਾ ਦਿੱਤਾ ਗਿਆ। ਰੁਪਿੰਦਰ ਦੇ ਨਾਲ ਟੀਕਾ ਲਗਾਉਣ ਵਾਲਾ ਗਗਨਦੀਪ ਸਿੰਘ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਕਈ ਦਿਨ ਤੜਫਦਾ ਰਿਹਾ। ਇਲਾਜ ਦੌਰਾਨ ਹਾਲਤ 'ਚ ਕੋਈ ਸੁਧਾਰ ਨਾ ਆਇਆ ਤਾਂ ਗਗਨਦੀਪ ਦੀ ਵੀਰਵਾਰ ਸਵੇਰੇ ਮੌਤ ਹੋ ਗਈ। ਰੁਪਿੰਦਰ ਸਿੰਘ ਤੇ ਗਗਨਦੀਪ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਪਿੰਡ 'ਚ ਸਰੇਆਮ ਨਸ਼ਾ ਵਿਕਦਾ ਹੈ। ਨਸ਼ਾ ਵੇਚਣ ਵਾਲਿਆਂ ਦੇ ਨਾਂ ਪੰਚਾਇਤ ਤੇ ਪੁਲਸ ਨੂੰ ਦੱਸੇ ਜਾਂਦੇ ਹਨ। ਜੇਕਰ ਪੁਲਸ ਬੰਦੇ ਫੜ੍ਹ ਕੇ ਲੈ ਜਾਂਦੀ ਹੈ ਤਾਂ ਬਾਅਦ 'ਚ ਛੱਡ ਦਿੱਤੇ ਜਾਂਦੇ ਹਨ। ਨਸ਼ੇ ਕਾਰਨ ਹੀ ਉਨ੍ਹਾਂ ਦੇ ਨੌਜਵਾਨ ਪੁੱਤ ਚਲੇ ਗਏ। ਗਗਨਦੀਪ ਦੀ ਪਤਨੀ ਨੇ ਨਸ਼ਾ ਵੇਚਣ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਬਰਜਿੰਦਰ ਸਿੰਘ ਪਰਵਾਨਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼, 9 ਮਈ ਤੱਕ ਰਿਮਾਂਡ 'ਤੇ ਭੇਜਿਆ ਗਿਆ

ਪਿੰਡ ਵਾਸੀਆਂ ਨੇ ਵੀ ਕਿਹਾ ਕਿ ਨਸ਼ਾ ਬਹੁਤ ਵਿਕ ਰਿਹਾ ਹੈ, ਜਿਸ 'ਤੇ ਕਾਬੂ ਪਾਇਆ ਜਾਣਾ ਚਾਹੀਦਾ ਹੈ। ਇਸ ਮਾਮਲੇ 'ਚ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪਹਿਲਾਂ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਿੰਡ 'ਚ ਨਸ਼ਾ ਵਿਰੋਧੀ ਕੈਂਡਲ ਮਾਰਚ ਕੱਢਣ ਮਗਰੋਂ ਵੀ ਪੁਲਸ ਹਰਕਤ 'ਚ ਨਹੀਂ ਆਈ। ਵੀਰਵਾਰ ਸਵੇਰੇ ਜਦੋਂ ਦੂਜੇ ਨੌਜਵਾਨ ਦੀ ਮੌਤ ਹੋਈ ਤਾਂ ਪੁਲਸ ਨੇ ਇਸ ਵੱਲ ਧਿਆਨ ਦਿੱਤਾ ਪਰ ਅਜੇ ਵੀ ਪੁਲਸ ਨਹੀਂ ਮੰਨ ਰਹੀ ਕਿ ਮੌਤ ਨਸ਼ੇ ਨਾਲ ਹੋਈ ਹੈ। ਐੱਸ. ਪੀ. (ਐੱਚ) ਦਿਗਵਿਜੈ ਕਪਿਲ ਨੇ ਕਿਹਾ ਕਿ ਪਹਿਲੇ ਪੜਾਅ 'ਚ ਨਸ਼ੇ ਨਾਲ ਮੌਤ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ। ਫਿਲਹਾਲ ਪੁਲਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਪਾਇਲ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਕਸੂਰਵਾਰ ਹੋਣਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News