2 ਅਣਪਛਾਤੇ ਨੌਜਵਾਨ ਇਮਰਾਨ ਤੇ ਸਿੱਧੂ ਦੀਆਂ ਤਸਵੀਰਾਂ ਵਾਲੇ ਫਲੈਕਸ ਬੋਰਡ ਲੈ ਗਏ ਕੱਟ ਕੇ
Sunday, Nov 10, 2019 - 10:59 PM (IST)

ਡੇਰਾਬੱਸੀ (ਅਨਿਲ)-ਕਰਤਾਰਪੁਰ ਸਾਹਿਬ (ਪਾਕਿਸਤਾਨ) ਵਾਲਾ ਲਾਂਘਾ ਖੁੱਲ੍ਹਣ ਮਗਰੋਂ ਲਾਂਘੇ ਨੂੰ ਲੈ ਕੇ ਐਤਵਾਰ ਬਾਅਦ ਦੁਪਹਿਰ ਡੇਰਾਬੱਸੀ ਸ਼ਹਿਰ ਅੰਦਰ ਵੀ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖ਼ਾਨ ਅਤੇ ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ ਵਾਲੇ ਫਲੈਕਸ ਬੋਰਡ ਟੰਗੇ ਹੋਏ ਦੇਖੇ ਗਏ। ਗੁਰਸੇਵਕ ਸਿੰਘ ਕਾਰਕੌਰ ਵਲੋਂ ਜਾਰੀ ਕੀਤੇ ਗਏ ਉਕਤ ਬੋਰਡ ਡੇਰਾਬੱਸੀ ਪੁਲਸ ਸਟੇਸ਼ਨ ਦੇ ਬਾਹਰ ਅਤੇ ਡੇਰਾਬੱਸੀ-ਈਸਾਪੁਰ ਰੋਡ ’ਤੇ ਸਥਿਤ ਰੇਲਵੇ ਫਾਟਕ ’ਤੇ ਟੰਗਿਆ ਹੋਇਆ ਸੀ। ਜੋ ਕਾਫ਼ੀ ਚਿਰ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣੇ ਰਹੇ।
ਬੋਰਡ ’ਤੇ ਛਪੀ ਇਬਾਰਤ ਕੁਝ ਇਸ ਤਰ੍ਹਾਂ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਵਾਲੇ ‘ਅਸਲੀ ਹੀਰੋ ’ ਇਮਰਾਨ ਖ਼ਾਨ ਅਤੇ ਨਵਜੋਤ ਸਿੰਘ ਸਿੱਧੂ ਹਨ ਅਤੇ ਅਸੀਂ ਪੰਜਾਬੀ ਹਿੱਕ ਠੋਕ ਕੇ ਕਹਿੰਦੇ ਹਾਂ ਕਿ ਇਸ ਦਾ ਸਿਹਰਾ ਸਿੱਧੂ ਅਤੇ ਇਮਰਾਨ ਖ਼ਾਨ ਨੂੰ ਜਾਂਦਾ ਹੈ ਕਿਉਂਕਿ ਅਸੀਂ ਅਕ੍ਰਿਤਘਣ ਨਹੀਂ। ਜਿਉਂ ਹੀ ਇਸ ਬਾਰੇ ਸ਼ਹਿਰਵਾਸੀਆਂ ਨੂੰ ਪਤਾ ਲੱਗਿਆ ਤਾਂ ਬਹੁ-ਗਿਣਤੀ ਸ਼ਹਿਰ ਵਾਸੀ ਬੋਰਡ ਦੇਖਣ ਵੀ ਗਏ। ਸੂਤਰਾਂ ਅਨੁਸਾਰ ਸਿੱਧੂ ਅਤੇ ਇਮਰਾਨ ਖ਼ਾਨ ਦੀ ਸ਼ੋਭਾ ਹੁੰਦੀ ਵੇਖ ਕੇ ਮੋਟਰਸਾਈਕਲ ਸਵਾਰ 2 ਅਣਪਛਾਤੇ ਨੌਜਵਾਨ, ਜੋ ਕਿ ਯਕੀਨਨ ਦੋਵਾਂ ਆਗੂਆਂ ਨੂੰ ਨਾਪਸੰਦ ਕਰਦੇ ਹੋਣਗੇ, ਉਕਤ ਬੋਰਡਾਂ ਦੀ ਫਲੈਕਸ ਕੱਟ ਕੇ ਲੈ ਗਏ।