ਸਰਹੱਦ ਪਾਰ: 2 ਭੈਣਾਂ ਦੇ ਅਗਵਾ ਤੋਂ ਗੁੱਸੇ ’ਚ ਆਏ ਕਬੀਲੇ ਦੇ ਲੋਕਾਂ ਨੇ ਦੂਜੇ ਕਬੀਲੇ ਦੇ 10 ਘਰਾਂ ਨੂੰ ਲਗਾਈ ਅੱਗ

05/30/2022 2:46:55 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਸ਼ੁਕਰ ਜ਼ਿਲ੍ਹੇ ’ਚ ਪਿੰਡ ਸ਼ਾਮ ਕਲਾੜੀ ਵਿੱਚ ਚੌਹਾਨ ਭਾਈਚਾਰੇ ਦੀਆਂ 2 ਭੈਣਾਂ ਨੂੰ ਅਗਵਾ ਕਰਨ ਤੋਂ ਗੁਸਾਏ ਚੌਹਾਨ ਭਾਈਚਾਰੇ ਦੇ ਲੋਕਾਂ ਨੇ ਦੋਸ਼ੀਆਂ ਦੇ ਕਬੀਲੇ ਦੇ 10 ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਅਗਨੀਕਾਂਡ 'ਚ ਇਕ 4 ਸਾਲ ਦੀ ਬੱਚੀ ਸੜ ਕੇ ਦਮ ਤੋੜ ਗਈ। ਸੂਤਰਾਂ ਅਨੁਸਾਰ ਚੌਹਾਨ ਕਬੀਲੇ ਦੀ ਇਕ ਔਰਤ ਦਾ ਪੰਹਵਾਰ ਕਬੀਲੇ ਦੇ ਇਕ ਨੌਜਵਾਨ ਨਾਲ ਪ੍ਰੇਮ ਸੰਬੰਧ ਸੀ ਅਤੇ ਉਸ ਨੌਜਵਾਨ ਨਾਲ ਉਹ ਨਿਕਾਹ ਕਰਵਾਉਣਾ ਚਾਹੁੰਦੀ ਸੀ। ਉਕਤ ਔਰਤ ਜਦ ਘਰੋਂ ਆਪਣੇ ਪ੍ਰੇਮੀ ਨਾਲ ਭੱਜਣ ਲੱਗੀ ਤਾਂ ਉਹ ਆਪਣੇ ਨਾਲ ਆਪਣੀ ਭੈਣ ਨੂੰ ਵੀ ਲੈ ਗਈ।

ਇਹ ਵੀ ਪੜ੍ਹੋ : ਕਾਲਜ ਲਾਈਫ 'ਚ ਵੀ ‘ਹੀਰੋ’ ਸਨ ਸਿੱਧੂ ਮੂਸੇਵਾਲਾ, ਹੋਸਟਲ ’ਚ ਸਵੇਰੇ 5 ਵਜੇ ਕਰਦੇ ਸੀ ਰਿਆਜ਼

ਚੌਹਾਨ ਕਬੀਲੇ ਦੇ ਲੋਕਾਂ ਨੇ ਇਹ ਸਮਝ ਲਿਆ ਕਿ ਪੰਹਵਾਰ ਕਬੀਲੇ ਦੇ ਲੋਕਾਂ ਨੇ ਉਨ੍ਹਾਂ ਦੀਆਂ 2 ਔਰਤਾਂ ਨੂੰ ਅਗਵਾ ਕਰ ਲਿਆ ਹੈ। ਚੌਹਾਨ ਕਬੀਲੇ ਦੇ ਲੋਕਾਂ ਨੇ ਗੁੱਸੇ ’ਚ ਆ ਕੇ ਪੰਹਵਾਰ ਕਬੀਲੇ ਦੇ ਘਰ ’ਤੇ ਹਮਲਾ ਕਰਕੇ ਘਰਾਂ ਨੂੰ ਅੱਗ ਦਿੱਤੀ। ਅੱਗ ਨਾਲ 10 ਤੋਂ ਵੱਧ ਘਰ ਸੜ ਕੇ ਸੁਆਹ ਹੋ ਗਏ। ਪੰਹਵਾਰ ਕਬੀਲੇ ਦੇ ਲੋਕਾਂ ਨੇ ਡਬਰ ਪੁਲਸ ਸਟੇਸ਼ਨ 'ਚ ਸ਼ਿਕਾਇਤ ਕੀਤੀ ਅਤੇ ਦੋਸ਼ ਲਗਾਇਆ ਕਿ ਦੋਸ਼ੀਆਂ ਨੇ ਘਰਾਂ ਨੂੰ ਅੱਗ ਲਾਈ ਅਤੇ ਜਦ ਅਸੀਂ ਘਰਾਂ 'ਚੋਂ ਭੱਜਣ ਲੱਗੇ ਤਾਂ ਦੋਸ਼ੀਆਂ ਨੇ ਸਾਡੇ 'ਤੇ ਫਾਇਰਿੰਗ ਕੀਤੀ। ਸੜੇ ਹੋਏ ਘਰਾਂ 'ਚੋਂ ਬਾਅਦ ਵਿੱਚ ਇਕ 4 ਸਾਲ ਦੀ ਬੱਚੀ ਦੀ ਲਾਸ਼ ਮਿਲੀ, ਜਿਸ ਦੀ ਅਜੇ ਪਛਾਣ ਇਸ ਲਈ ਨਹੀਂ ਹੋ ਸਕੀ ਕਿਉਂਕਿ ਪੰਹਵਾਰ ਕਬੀਲੇ ਦੇ ਲੋਕ ਇਲਾਕਾ ਛੱਡ ਕੇ ਅਣਪਛਾਤੀ ਜਗ੍ਹਾ 'ਤੇ ਲੁਕ ਗਏ ਹਨ।


Mukesh

Content Editor

Related News