ਫਿਰੋਜ਼ਪੁਰ ਸਰਹੱਦ ’ਤੇ 2 ਪਾਕਿਸਤਾਨੀ ਡਰੋਨ ਬਰਾਮਦ
Thursday, May 22, 2025 - 11:25 AM (IST)

ਫਿਰੋਜ਼ਪੁਰ (ਕੁਮਾਰ) : ਬੀ. ਐੱਸ. ਐੱਫ. ਦੇ ਇੰਟੈਲੀਜੈਂਸ ਵਿੰਗ ਵੱਲੋਂ ਦਿੱਤੀ ਗਈ ਖ਼ਾਸ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਬੀ. ਐੱਸ. ਐੱਫ. ਜਵਾਨਾਂ ਨੇ ਬੁੱਧਵਾਰ ਨੂੰ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ’ਤੇ 2 ਪਾਕਿਸਤਾਨੀ ਡਰੋਨ ਬਰਾਮਦ ਕੀਤੇ।
ਇਹ ਜਾਣਕਾਰੀ ਦਿੰਦੇ ਹੋਏ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਬੀ. ਐੱਸ. ਐੱਫ. ਵੱਲੋਂ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਸ਼ੱਕੀ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਫਿਰੋਜ਼ਪੁਰ ਦੇ ਪਿੰਡ ਪੱਲਾ ਮੇਘਾ ਦੇ ਇਕ ਖੇਤ ’ਚੋਂ 01 ਡੀ. ਜੇ. ਆਈ. ਮੈਵਿਕ 3 ਕਲਾਸਿਕ ਡਰੋਨ ਬਰਾਮਦ ਕੀਤਾ ਗਿਆ ਅਤੇ ਬਾਅਦ ’ਚ ਬੀ. ਐੱਸ. ਐੱਫ. ਜਵਾਨਾਂ ਨੇ ਪਿੰਡ ਗੰਧੂ ਕਿਲਚਾ ਤੋਂ ਇਕ ਹੋਰ ਡੀ. ਜੇ. ਆਈ. ਮੈਵਿਕ 3 ਕਲਾਸਿਕ ਡਰੋਨ ਬਰਾਮਦ ਕੀਤਾ, ਜੋ ਕਿ ਬਾਰਡਰ ’ਤੇ ਸੁਰੱਖਿਆ ਵਾੜ ’ਚ ਫਸਿਆ ਹੋਇਆ ਸੀ।
ਇਹ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਡਰੋਨ ਸਰਹੱਦ ’ਤੇ ਤਾਇਨਾਤ ਇਲੈਕਟ੍ਰਾਨਿਕ ਕਾਊਂਟਰ ਉਪਾਵਾਂ ਕਾਰਨ ਹਾਦਸਾਗ੍ਰਸਤ ਹੋਏ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਮਜ਼ਬੂਤ ਤਕਨੀਕੀ ਜਵਾਬੀ ਉਪਾਅ ਅਤੇ ਬੀ. ਐੱਸ. ਐੱਫ. ਜਵਾਨਾਂ ਵੱਲੋਂ ਤੁਰੰਤ ਕਾਰਵਾਈ ਨੇ ਇਕ ਵਾਰ ਫਿਰ ਸਮੱਗਲਰਾਂ ਦੇ ਸਰਹੱਦ ਪਾਰੋਂ ਗੈਰ-ਕਾਨੂੰਨੀ ਡਰੋਨਾਂ ’ਚ ਘੁਸਪੈਠ ਕਰਨ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ।