2 ਸ਼ਰਾਬ ਸਮੱਗਲਰਾਂ ਨੂੰ 6-6 ਮਹੀਨੇ ਦੀ ਕੈਦ ਤੇ ਜੁਰਮਾਨਾ
Wednesday, Dec 06, 2017 - 06:02 AM (IST)
ਹੁਸ਼ਿਆਰਪੁਰ, (ਅਮਰਿੰਦਰ)- ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦੇ ਮਾਮਲੇ 'ਚ 2 ਦੋਸ਼ੀਆਂ ਜਤਿੰਦਰ ਕੁਮਾਰ ਉਰਫ ਮੋਨੀ ਪੁੱਤਰ ਇੰਦਰਪਾਲ ਵਾਸੀ ਭੂਰੇ ਪਿੰਟੀ ਖੈਰ (ਟਾਂਡਾ) ਅਤੇ ਬਖਸ਼ੀਸ਼ ਸਿੰਘ ਉਰਫ ਸੋਨੂੰ ਪੁੱਤਰ ਦਾਊਦ ਵਾਸੀ ਬੈਂਸ ਅਵਾਣ ਟਾਂਡਾ ਨੂੰ ਦੋਸ਼ੀ ਕਰਾਰ ਦਿੰਦਿਆਂ ਅੱਜ ਸੀ. ਜੇ. ਐੱਮ. ਆਸ਼ੀਸ਼ ਸਾਲਦੀ ਦੀ ਅਦਾਲਤ ਨੇ 6-6 ਮਹੀਨੇ ਦੀ ਕੈਦ ਅਤੇ 1-1 ਲੱਖ ਰੁਪਏ ਨਕਦ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ 'ਤੇ ਡੇਢ-ਡੇਢ ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।
ਵਰਣਨਯੋਗ ਹੈ ਕਿ ਥਾਣਾ ਸਦਰ ਦੀ ਪੁਲਸ ਨੇ ਏ. ਐੱਸ. ਆਈ. ਇੰਦਰਜੀਤ ਸਿੰਘ ਦੀ ਅਗਵਾਈ 'ਚ ਪਿੰਡ ਨਲੋਈਆਂ 'ਚ 18 ਜੂਨ 2013 ਨੂੰ ਨਾਕਾਬੰਦੀ ਦੌਰਾਨ ਦਸੂਹਾ ਵੱਲੋਂ ਆਉਂਦੀ ਇਕ ਮਹਿੰਦਰਾ ਪਿੱਕਅਪ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਸਵਾਰ ਗੱਡੀ ਉਥੇ ਹੀ ਛੱਡ ਕੇ ਫ਼ਰਾਰ ਹੋ ਗਏ, ਜਿਨ੍ਹਾਂ ਨੂੰ ਬਾਅਦ ਵਿਚ ਕਾਬੂ ਕਰ ਲਿਆ ਗਿਆ। ਪੁਲਸ ਨੇ ਜਦੋਂ ਪਿੱਕਅਪ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 20 ਪੇਟੀਆਂ ਟਾਈਗਰ ਮਾਰਕਾ ਵ੍ਹਿਸਕੀ ਬਰਾਮਦ ਕੀਤੀ ਗਈ। ਪੁਲਸ ਨੇ ਇਸ ਸਬੰਧ 'ਚ ਉਕਤ ਦੋਸ਼ੀਆਂ ਨੂੰ ਆਬਕਾਰੀ ਐਕਟ ਦੀ ਧਾਰਾ ਤਹਿਤ ਗ੍ਰਿਫ਼ਤਾਰ ਕਰ ਲਿਆ ਸੀ।
