ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਦੀ ਪੁਲਸ ਨਾਲ ਹੱਥੋਪਾਈ, ਅਸਲੇ ਸਣੇ 2 ਗ੍ਰਿਫ਼ਤਾਰ

Monday, Nov 02, 2020 - 08:40 AM (IST)

ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਦੀ ਪੁਲਸ ਨਾਲ ਹੱਥੋਪਾਈ, ਅਸਲੇ ਸਣੇ 2 ਗ੍ਰਿਫ਼ਤਾਰ

ਬਟਾਲਾ (ਬੇਰੀ, ਜ. ਬ., ਖੋਖਰ) : ਬਟਾਲਾ ਪੁਲਸ ਨੇ ਹਥਿਆਰਾਂ ਸਮੇਤ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ 2 ਫਰਾਰ ਹੋ ਗਏ। ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਅ ਰਹੀ ਹੈ, ਜਿਸ ਦੇ ਚੱਲਦਿਆਂ ਐੱਸ. ਐੱਚ. ਓ. ਘੁਮਾਣ ਸੁਰਿੰਦਰ ਪਾਲ ਸਿੰਘ ਨੇ ਬੀਤੇ ਦਿਨੀਂ ਪੁਲਸ ਪਾਰਟੀ ਸਮੇਤ ਘੁਮਾਣ ਮਹਿਤਾ ਟੀ-ਪੁਆਇੰਟ ਬੈਰੀਅਰ ’ਚ ਨਾਕਾਬੰਦੀ ਦੌਰਾਨ ਸ਼ਾਮ 7 ਵਜੇ ਮਹਿਤਾ ਸਾਈਡ ਤੋਂ ਆ ਰਹੀ ਇਕ ਤੇਜ਼ ਰਫਤਾਰ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਬੈਠੇ ਕੁੱਝ ਨੌਜਵਾਨ ਹਵਾਈ ਫਾਇਰ ਕਰਦੇ ਆ ਰਹੇ ਸਨ।

ਇਹ ਵੀ ਪੜ੍ਹੋ : ਸ਼ਰਮਨਾਕ : ਜਣੇਪੇ ਮਗਰੋਂ ਦਰਦ ਨਾਲ ਤੜਫਦੀ ਜਨਾਨੀ ਨੂੰ ਬਾਹਰ ਕੱਢਿਆ, ਹੱਥ ਜੋੜਨ 'ਤੇ ਵੀ ਨਾ ਪਿਘਲਿਆ ਦਿਲ

ਪੁਲਸ ਦੇ ਇਸ਼ਾਰਾ ਕਰਨ 'ਤੇ ਉਕਤ ਨੌਜਵਾਨਾਂ ਨੇ ਗੱਡੀ ਨਹੀਂ ਰੋਕੀ ਅਤੇ ਸਿੱਧੀ ਲਿਆ ਕੇ ਪੁਲਸ ਪਾਰਟੀ ਦੀ ਗੱਡੀ ਦੇ ਪਿੱਛੇ ਮਾਰ ਦਿੱਤੀ। ਇਸ ਤੋਂ ਬਾਅਦ ਗੱਡੀ ’ਚੋਂ 4 ਨੌਜਵਾਨ ਬਾਹਰ ਨਿਕਲੇ ਅਤੇ ਪੁਲਸ ਪਾਰਟੀ ਨਾਲ ਹੱਥੋਪਾਈ ਕਰਦੇ ਹੋਏ ਸਰਕਾਰੀ ਡਿਊਟੀ ’ਚ ਵਿਘਨ ਪਾਇਆ। ਇਸ ਦੌਰਾਨ ਪੁਲਸ ਪਾਰਟੀ ਨੇ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਉਕਤ ਨੌਜਵਾਨਾਂ ’ਚੋਂ ਸਟਾਨਲਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਠੱਠਾ ਅਤੇ ਨਵਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਠੱਠਾ ਥਾਣਾ ਸਰਿਹਾਲੀ, ਤਰਨਤਾਰਨ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 2 ਰਿਵਾਲਵਰ 32 ਬੋਰ ਸਮੇਤ 2 ਰੌਂਦ ਜ਼ਿੰਦਾ ਅਤੇ 6 ਖੋਲ ਬਰਾਮਦ ਕੀਤੇ, ਜਦੋਂ  ਕਿ ਹਿੰਮਤ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਮਲੋਵਾਲੀ ਆਪਣੇ ਇਕ ਹੋਰ ਸਾਥੀ ਸਮੇਤ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਭਾਈ ਲੌਂਗੋਵਾਲ ਦੇ ਮੂੰਹੋਂ ਸੁਣੋ SGPC ਦਫ਼ਤਰ ਮੂਹਰੇ ਹੋਏ ਖੂਨੀ ਟਕਰਾਅ' ਦਾ ਅਸਲ ਸੱਚ (ਵੀਡੀਓ)

ਐੱਸ. ਐੱਸ. ਪੀ. ਬਟਾਲਾ ਨੇ ਦੱਸਿਆ ਕਿ ਪੁਲਸ ਵੱਲੋਂ ਗੱਡੀ ਦੀ ਚੈਕਿੰਗ ਕਰਨ ’ਤੇ ਇਕ ਇਟਾਲੀਅਨ ਪਿਸਤੌਲ 7.65 ਅਤੇ 4 ਜ਼ਿੰਦਾ ਰੌਂਦ ਮਿਲੇ। ਉਨ੍ਹਾਂ ਦੱਸਿਆ ਕਿ ਹਿੰਮਤ ਸਿੰਘ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਜ਼ਿਲ੍ਹਿਆਂ 'ਚ ਕਤਲ ਅਤੇ ਇਰਾਦਾ ਕਤਲ ਸਮੇਤ 7 ਮੁਕੱਦਮੇ ਦਰਜ ਹਨ ਅਤੇ ਉਸ ਦੇ ਸਬੰਧ ਗੈਂਗਸਟਰ ਗੁਵਿੰਦਰ ਸਿੰਘ ਗਿੰਦਾ ਖਡੂਰ ਸਾਹਿਬ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਹਨ।

ਇਹ ਵੀ ਪੜ੍ਹੋ : ਆਨਲਾਈਨ ਸ਼ਾਪਿੰਗ ਨੇ ਚਾੜ੍ਹਿਆ ਚੰਨ, 'ਮੋਬਾਇਲ' ਦੀ ਥਾਂ ਜੋ ਪੈਕ ਹੋ ਕੇ ਆਇਆ, ਅੱਡੀਆਂ ਰਹਿ ਗਈਆਂ ਅੱਖਾਂ (ਵੀਡੀਓ)

ਪੁਲਸ ਨੇ ਹਥਿਆਰਾਂ ਅਤੇ ਗੱਡੀ ਨੂੰ ਕਬਜ਼ੇ 'ਚ ਲੈ ਕੇ ਉਕਤ ਦੋਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਥਾਣਾ ਘੁਮਾਣ ’ਚ ਕੇਸ ਦਰਜ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫੜ੍ਹੇ ਦੋਹਾਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਖ਼ੁਲਾਸੇ ਹੋ ਸਕਣ।


 


author

Babita

Content Editor

Related News