2 ਕਰੋੜ ਦੀ ਡਰੱਗ ਮਨੀ BSF ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ, ਜੇਲ੍ਹ ’ਚ ਬੈਠ ਨਸ਼ਾ ਸਮੱਗਲਰ ਚੱਲਾ ਰਹੇ ਨੈੱਟਵਰਕ

Saturday, Jun 08, 2024 - 11:04 AM (IST)

ਅੰਮ੍ਰਿਤਸਰ (ਨੀਰਜ)-ਸਰਹੱਦੀ ਕੰਡਿਆਲੀ ਤਾਰ ਦੇ ਆਲੇ-ਦੁਆਲੇ ਪਹਿਰਾ ਦੇਣ ਦੇ ਨਾਲ-ਨਾਲ ਬੀ. ਐੱਸ. ਐੱਫ. ਇੰਟੈਲੀਜੈਂਸ ਟੀਮ ਨੇ ਸਰਹੱਦੀ ਪਿੰਡਾਂ ਵਿਚ ਪੁਲਸ ਦੇ ਸਹਿਯੋਗ ਨਾਲ ਛਾਪੇਮਾਰੀ ਅਤੇ ਸਰਚ ਅਭਿਆਨ ਚਲਾਇਆ ਹੈ, ਜਿਸ ਵਿਚ ਉਨ੍ਹਾਂ ਨੂੰ ਵੱਡੀ ਸਫਲਤਾ ਮਿਲ ਰਹੀ ਹੈ। ਜਾਣਕਾਰੀ ਅਨੁਸਾਰ ਸਰਹੱਦੀ ਪਿੰਡ ਕੱਕੜ ਇਲਾਕੇ ਵਿਚ ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਮਕ ਸਮੱਗਲਰਾਂ ਦੇ ਘਰ ਛਾਪੇਮਾਰੀ ਕਰ ਕੇ 2 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਜੋ ਬੀ. ਐੱਸ. ਐੱਫ. ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ। ਆਲਮ ਇਹ ਰਿਹਾ ਕਿ ਡਰੱਗ ਮਨੀ ਨੂੰ ਗਿਣਨ ਲਈ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਉਣੀ ਪਈ, ਜਦਕਿ ਦੂਜੇ ਪਾਸੇ ਫੜੇ ਗਏ ਦੋ ਸਮੱਗਲਰਾਂ ਵਿਚ ਬਲਵਿੰਦਰ ਸਿੰਘ ਦੇ ਦੋ ਲੜਕੇ ਹਰਭੇਜ ਸਿੰਘ ਉਰਫ਼ ਭੇਜਾ ਅਤੇ ਗੁਰਭੇਜ ਸਿੰਘ ਪਹਿਲਾਂ ਹੀ ਨਸ਼ਾ ਸਮੱਗਲਿੰਗ ਦੇ ਵੱਖ-ਵੱਖ ਕੇਸਾਂ ਸ਼ਾਮਲ ਹੋਣ ’ਤੇ ਜੇਲ੍ਹ ਵਿਚ ਬੰਦ ਹਨ ਅਤੇ ਜੇਲ੍ਹ ਅੰਦਰੋਂ ਨਸ਼ਾ ਸਮੱਗਲਿੰਗ ਦਾ ਨੈੱਟਵਰਕ ਚਲਾ ਰਹੇ ਹਨ। ਫੜੇ ਗਏ ਸਮੱਗਲਰਾਂ ਕੋਲੋਂ ਬਰਾਮਦ ਕੀਤੇ ਗਏ ਪੰਜ ਮੋਬਾਈਲ ਫੋਨ ਅਤੇ ਲੈਪਟਾਪ ਵੀ ਵੱਡੇ ਖੁਲਾਸੇ ਕਰ ਸਕਦੇ ਹਨ ਅਤੇ ਬੀ. ਐੱਸ. ਐੱਫ. ਅਤੇ ਪੁਲਸ ਦੋਵੇਂ ਹੀ ਏਜੰਸੀਆਂ ਨੂੰ ਇਨ੍ਹਾਂ ਸਮੱਗਲਰਾਂ ਬਾਰੇ ਪਤਾ ਲੱਗ ਸਕਦਾ ਹੈ, ਜਿਨ੍ਹਾਂ ਨੂੰ ਬਲਵਿੰਦਰ ਸਿੰਘ ਅਤੇ ਉਸ ਦਾ ਸਾਥੀ ਗੁਰਪ੍ਰੀਤ ਸਿੰਘ ਨਸ਼ੇ ਦੀ ਸਪਲਾਈ ਜਾਂ ਹਵਾਲਾ ਰਾਸ਼ੀ ਦਿੰਦੇ ਰਹੇ ਹਨ।

ਇਹ ਵੀ ਪੜ੍ਹੋ- ਕੰਗਨਾ ਰਣੌਤ ਦੇ ਮਾਮਲੇ 'ਚ SGPC ਦਾ ਬਿਆਨ ਆਇਆ ਸਾਹਮਣੇ

10 ਰਾਉਂਡਾਂ ਵਿੱਚੋਂ ਇਕ ਰਾਉਂਡ ਵਿਚ ਹੀ ਫੜਿਆ ਜਾਂਦੈ ਡਰੋਨ

ਪੁਰਾਣੇ ਰਵਾਇਤੀ ਢੰਗ ਨੂੰ ਛੱਡ ਕੇ ਆਧੁਨਿਕ ਤਕਨੀਕ ਵਾਲੇ ਡਰੋਨ ਹੁਣ ਸਮੱਗਲਰਾਂ ਵੱਲ ਉਡਾਏ ਜਾ ਰਹੇ ਹਨ ਜੋ ਏ. ਡੀ. ਐੱਸ. (ਐਂਟੀ ਡਰੋਨ ਟੈਕਨਾਲੋਜੀ) ਦੇ ਰਾਡਾਰ ਵਿਚ ਵੀ ਨਹੀਂ ਆਉਂਦੇ। ਮੰਨਿਆ ਜਾਂਦਾ ਹੈ ਕਿ ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਘੱਟੋ-ਘੱਟ ਦਸ ਰਾਉਂਡ ਕਰਨ ਤੋਂ ਬਾਅਦ ਜਾਂ ਇਸ ਤੋਂ ਵੱਧ ਚੱਕਰ ਲਗਾਉਣ ਦੇ ਮਾਮਲੇ ਵਿਚ ਸਿਰਫ ਇਕ ਵਾਰ ਜਾ ਇਸ ਤੋਂ ਵੀ ਘੱਟ ਏਵਰੇਜ਼ ਵਿਚ ਡਰੋਨ ਫੜਿਆ ਜਾਂਦਾ ਹੈ ਅਤੇ ਆਮ ਤੌਰ ’ਤੇ ਡਰੋਨ, ਹੈਰੋਇਨ ਜਾ ਹੋਰ ਇਤਰਾਜ਼ ਸਮੱਗਰੀ, ਜਿਸ ਵਿਚ ਹਥਿਆਰ ਅਤੇ ਹੋਰ ਸਾਮਾਨ ਸੁੱਟਣ ਤੋਂ ਬਾਅਦ ਵਾਪਸ ਚਲਾ ਜਾਂਦਾ ਹੈ ਅਤੇ ਬੀ. ਐੱਸ. ਐੱਫ. ਦੇ ਹੱਥ ਨਹੀਂ ਲੱਗਦਾ ਹੈ।

ਜੇਲ੍ਹਾਂ ਅੰਦਰੋਂ ਨਹੀਂ ਟੁੱਟ ਰਿਹੈ ਨੈੱਟਵਰਕ

ਇਕ ਪਾਸੇ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀਆਂ ਜੇਲਾਂ ਵਿਚ ਜੈਮਰ ਲਗਾਏ ਜਾ ਰਹੇ ਹਨ, ਜਿੱਥੋਂ ਤੱਕ ਕਿ ਪੁਲਸ ਦੀ ਥਾਂ ਪੈਰਾ ਮਿਲਟਰੀ ਬਲ ਵੀ ਤਾਇਨਾਤ ਕਰ ਦਿੱਤੇ ਗਏ ਹਨ ਪਰ ਜੇਲਾਂ ਵਿਚ ਬੰਦ ਪੁਰਾਣੇ ਸਮੱਗਲਰ ਅਤੇ ਗੈਂਗਸਟਰ ਅੰਦਰੋਂ ਹੀ ਆਪਣਾ ਨੈੱਟਵਰਕ ਚਲਾ ਰਹੇ ਹਨ, ਜਿਨ੍ਹਾਂ ਨੂੰ ਤੋੜ ਪਾਉਣਾ ਸੁਰੱਖਿਆ ਏਜੰਸੀਆਂ ਲਈ ਵੀ ਵੱਡੀ ਸਿਰਦਰਦੀ ਬਣੀ ਹੋਈ ਹੈ। ਹਾਲ ਹੀ ਵਿਚ ਏ. ਡੀ. ਸੀ. ਪੀ. ਸਿਟੀ-1 ਮੈਡਮ ਦਰੁਪਨ ਆਹਲੂਵਾਲੀਆ ਦੀ ਅਗਵਾਈ ਵਿਚ ਇਕ ਲੈਬ ਟੈਕਨੀਸ਼ੀਅਨ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ, ਜੋ ਸੈਂਪਲ ਲੈਣ ਦੇ ਬਹਾਨੇ ਜੇਲ੍ਹ ਵਿਚ ਨਸ਼ੇ ਦੀ ਸਪਲਾਈ ਕਰਦਾ ਸੀ ਅਤੇ ਉਸ ਦੇ ਨਾਲ ਇਕ ਪੁਲਸ ਮੁਲਾਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜੇਲ੍ਹਾਂ ਦੇ ਅੰਦਰ ਵੀ ਨਸ਼ਾ ਪਹੁੰਚ ਰਿਹਾ ਹੈ ਅਤੇ ਨਸ਼ਿਆਂ ਦੀ ਆਮਦ ਤੋਂ ਲੈ ਕੇ ਨਸ਼ੇ ਦੀ ਵਿਕਰੀ ਅਤੇ ਹਵਾਲਾ ਤੱਕ ਦੀ ਰਣਨੀਤੀ ਜੇਲਾਂ ਦੇ ਅੰਦਰੋਂ ਹੀ ਬਣਦੀ ਹੈ ਅਤੇ ਅਮਲੀਜਾਮਾ ਪਹਿਨਦੀ ਹੈ।

ਫੜੇ ਜਾ ਚੁੱਕੇ ਹਨ 95 ਡਰੋਨ

ਪਾਕਿਸਤਾਨ ਵੱਲੋਂ ਭੇਜੇ ਜਾਣ ਵਾਲੇ ਡਰੋਨਾਂ ਦੀ ਮੂਵਮੈਂਟ ਲਗਾਤਾਰ ਰਿਕਾਰਡ ਤੋੜ ਰਹੀ ਹੈ, ਪਿਛਲੇ ਸਾਲ ਇਕ ਸਾਲ ਵਿੱਚ ਬੀ. ਐੱਸ. ਐੱਫ. ਵੱਲੋਂ 100 ਡਰੋਨ ਫੜੇ ਗਏ ਸਨ ਪਰ ਇਸ ਵਾਰ ਸਿਰਫ਼ ਪੰਜ ਮਹੀਨਿਆਂ ਵਿਚ 95 ਤੋਂ ਵੱਧ ਡਰੋਨ ਫੜੇ ਗਏ ਹਨ, ਜਿਨ੍ਹਾਂ ਵਿਚ ਵੱਡੇ ਅਤੇ ਛੋਟੇ ਡਰੋਨ ਸ਼ਾਮਲ ਹਨ। ਨਸ਼ਾ ਸਮੱਗਲਰ ਇਨ੍ਹੀਂ ਦਿਨੀਂ ਇੰਨੇ ਬੇਖੌਫ ਹੋ ਗਏ ਹਨ ਕਿ ਉਹ ਸਕੂਲਾਂ, ਮੈਦਾਨਾਂ, ਸ਼ਮਸ਼ਾਨਘਾਟ ਅਤੇ ਇੱਥੋਂ ਤੱਕ ਕਿ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਡਰੋਨਾਂ ਦੀ ਮੂਵਮੈਂਟ ਕਰਵਾ ਰਹੇ ਹਨ ਅਤੇ ਹੈਰੋਇਨ ਦੀ ਖੇਪ ਸੁੱਟ ਰਹੇ ਹਨ ਤਾਂ ਜੋ ਖੇਪ ਦੀ ਆਸਾਨੀ ਨਾਲ ਭਾਲ ਕਰ ਲਈ ਜਾਵੇ।

ਇਹ ਵੀ ਪੜ੍ਹੋ- ਨਾਬਾਲਗ ਕੁੜੀ ਨੂੰ ਜ਼ਰੂਰੀ ਗੱਲ ਕਰਨ ਬਹਾਨੇ ਕੀਤਾ ਅਗਵਾ, ਬਾਅਦ 'ਚ ਉਹ ਹੋਇਆ, ਜੋ ਸੋਚਿਆ ਵੀ ਨਾ ਸੀ

ਦੋਵੇਂ ਪਾਸਿਓਂ ਖੇਤ ਖਾਲੀ ਪਰ ਫਿਰ ਉੱਡ ਰਹੇ ਹਨ ਡਰੋਨ

ਇਸ ਸਮੇਂ ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਕਣਕ ਦੀ ਫ਼ਸਲ ਕੱਟ ਚੁੱਕੀ ਹੈ ਅਤੇ ਜਿਨ੍ਹਾਂ ਖੇਤਾਂ ਵਿਚ ਕਿਸਾਨਾਂ ਨੇ ਝੋਨਾ ਲਾਉਣਾ ਸ਼ੁਰੂ ਕੀਤਾ ਹੈ, ਉਹ ਖਾਲੀ ਪਏ ਹਨ ਪਰ ਫਿਰ ਵੀ ਸਮੱਗਲਗਰਾਂ ਵੱਲੋਂ ਡਰੋਨ ਉਡਾਏ ਜਾ ਰਹੇ ਹਨ। ਆਮ ਤੌਰ ’ਤੇ ਜਦੋਂ ਕਣਕ-ਝੋਨੇ ਦੀ ਫ਼ਸਲ ਖੜ੍ਹੀ ਹੁੰਦੀ ਹੈ ਤਾਂ ਡਰੋਨਾਂ ਦੀ ਮੂਵਮੈਂਟ ਕਰਵਾਈ ਜਾਂਦੀ ਹੈ ਤਾਂ ਜੋ ਸਮੱਗਲਰ ਖੜ੍ਹੀ ਫ਼ਸਲ ਦੀ ਆੜ ਵਿਚ ਖੇਪ ਪ੍ਰਾਪਤ ਕਰ ਸਕਣ ਪਰ ਮੌਜੂਦਾ ਸਥਿਤੀ ਵਿਚ ਖੜ੍ਹੀ ਫ਼ਸਲ ਵੀ ਨਹੀਂ ਹੈ ਪਰ ਫਿਰ ਵੀ ਡਰੋਨਾਂ ਦੀ ਮੂਵਮੈਂਟ ਜਾਰੀ ਹੈ।

ਲੰਮੀ ਦੂਰੀ ਤੈਅ ਕਰਨ ਲਈ ਵੱਡੇ ਡਰੋਨ

ਸਰਹੱਦੀ ਕੰਡਿਆਲੀ ਤਾਰ ਦੇ ਤਿੰਨ ਤੋਂ ਚਾਰ ਕਿਲੋਮੀਟਰ ਜਾ ਫਿਰ ਇਸ ਤੋਂ ਵੀ ਵੱਧ ਦੂਰੀ ’ਤੇ ਹੈਰੋਇਨ ਦੀ ਖੇਪ ਸੁੱਟਣ ਲਈ ਇੰਨ੍ਹੀ ਦਿਨੀ ਸਮੱਗਲਰਾਂ ਨੇ ਫਿਰ ਤੋਂ ਵੱਡੇ ਡਰੋਨ ਉਡਾਉਣੇ ਸ਼ੁਰੂ ਕਰ ਦਿੱਤੇ ਹਨ। ਬੀ. ਓ. ਪੀ. ਗੋਗਾ ਦੇ ਇਲਾਕੇ ਵਿਚ ਬੀ. ਐੱਸ. ਐੱਫ ਵਲੋਂ ਫੜਿਆ ਗਿਆ ਡਰੋਨ ਹੈਂਗਕਾਪਟਰ ਹੈ ਜੋ ਪੰਜ ਤੋਂ ਅੱਠ ਕਿਲੋ ਭਾਰ ਚੁੱਕ ਕੇ ਆਸਾਨੀ ਨਾਲ ਪੰਜ ਤੋਂ ਛੇ ਕਿਲੋਮੀਟਰ ਤੱਕ ਘੁੰਮ ਸਕਦਾ ਹੈ।

ਇਹ ਵੀ ਪੜ੍ਹੋ- ਪਠਾਨਕੋਟ 'ਚ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਆਟੋ ਚਾਲਕ ਦਾ ਕਤਲ, ਘਟਨਾ cctv 'ਚ ਕੈਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News