ਪਿੰਡ ਖਾਨੋਵਾਲ ਦੇ 2 ਭਰਾ 45-45 ਲੱਖ ਲਾ ਕੇ ਗਏ ਸੀ ਅਮਰੀਕਾ, ਅੱਜ ਦੋਵਾਂ ਦੀ ਹੋਵੇਗੀ ਵਤਨ ਵਾਪਸੀ
Sunday, Feb 16, 2025 - 05:55 AM (IST)

ਗੁਰਦਾਸਪੁਰ (ਗੋਰਾਇਆ/ਵਿਨੋਦ) : ਗੁਰਦਾਸਪੁਰ ਦੇ ਨੇੜਲੇ ਪਿੰਡ ਖਾਨੋਵਾਲ ਦੀਆਂ ਦਰਾਣੀ-ਜੇਠਾਣੀ ਨੇ ਆਪਣੀ ਜ਼ਮੀਨ ਵੇਚ ਕੇ ਆਪਣੇ ਦੋਵੇਂ ਪੁੱਤਰਾਂ ਨੂੰ ਚੰਗੇ ਭਵਿੱਖ ਲਈ ਅਮਰੀਕਾ ਭੇਜਿਆ ਸੀ। ਹੁਣ ਉਨ੍ਹਾਂ ਦੋਵਾਂ ਦੇ ਡਿਪੋਰਟ ਹੋਣ ਦੀਆਂ ਖ਼ਬਰਾਂ ਸੁਣ ਉਨ੍ਹਾਂ ਦੋਵਾਂ ਮਾਵਾਂ ਦੀਆਂ ਆਸਾਂ 'ਤੇ ਪਾਣੀ ਫ਼ਿਰ ਗਿਆ ਹੈ।
ਇਸ ਸਬੰਧੀ ਪਿੰਡ ਖਾਨੋਵਾਲ ਵਿੱਚ ਜੇਠਾਣੀ ਬਲਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਅਤੇ ਦਰਾਣੀ ਗੁਰਪ੍ਰੀਤ ਕੌਰ ਪਤਨੀ ਸਵ. ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਤੇ ਪਲਾਟ ਵੇਚ ਕੇ ਤੇ ਰਿਸ਼ਤੇਦਾਰਾਂ ਤੋਂ ਲੱਖਾਂ ਰੁਪਏ ਲੈ ਕੇ ਇੱਕ ਏਜੰਟ ਨੂੰ 45-45 ਲੱਖ ਰੁਪਏ ਦੇ ਕੇ ਆਪਣੇ ਪੁੱਤਰਾਂ ਨੂੰ ਅਮਰੀਕਾ ਭੇਜਿਆ ਸੀ।
ਇਸ ਮੌਕੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਾਲ 2013 ਵਿੱਚ ਉਸ ਦੇ ਪਤੀ ਨਰਿੰਦਰ ਸਿੰਘ ਦੀ ਮੌਤ ਤੋਂ ਬਾਅਦ, ਉਸ ਦੇ ਪਿਤਾ ਜਸਵੰਤ ਸਿੰਘ ਫੌਜੀ ਨੇ ਉਸ ਦੇ ਪੁੱਤਰ ਹਰਜੀਤ ਸਿੰਘ ਅਤੇ ਧੀਆਂ ਪ੍ਰਭਜੋਤ ਕੌਰ ਅਤੇ ਰਾਜਵੀਰ ਕੌਰ ਦਾ ਪਾਲਣ-ਪੋਸ਼ਣ ਕੀਤਾ।
ਇਹ ਵੀ ਪੜ੍ਹੋ- ਡਿਪੋਰਟੇਸ਼ਨ 'ਤੇ CM ਮਾਨ ਦਾ ਸਖ਼ਤ ਰੁਖ਼- 'ਜਿਹੜੇ ਲੋਕ ਅਸੀਂ ਤੁਹਾਡੇ ਤੋਂ ਮੰਗ ਰਹੇ ਹਾਂ, ਉਹ ਕਿਉਂ ਨਹੀਂ ਭੇਜਦੇ... ?'
ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਦੇ ਰਹਿਣ ਲਈ ਘਰ ਵੀ ਬਣਵਾ ਕੇ ਦਿੱਤਾ ਸੀ। ਗੁਰਪ੍ਰੀਤ ਕੌਰ ਨੇ ਕਿਹਾ ਕਿ ਆਪਣੇ ਲਈ ਇੱਕ ਬਿਹਤਰ ਭਵਿੱਖ ਬਣਾਉਣ ਦੀ ਇੱਛਾ ਨਾਲ, ਉਸ ਦੇ ਪੁੱਤਰ ਨੇ ਅਮਰੀਕਾ ਵਿੱਚ ਰਹਿੰਦੇ ਰੁਡੀਆਣਾ ਪਿੰਡ ਦੇ ਇੱਕ ਏਜੰਟ ਤੋਂ ਉਸ ਦੇ ਤੇ ਉਸ ਦੀ ਜੇਠਾਣੀ ਦੇ ਪੁੱਤਰ ਨੂੰ ਅਮਰੀਕਾ ਲਿਜਾਣ ਲਈ 45-45 ਲੱਖ ਰੁਪਏ ਲਏ ਸਨ। ਗੁਰਪ੍ਰੀਤ ਕੌਰ ਨੇ ਕਿਹਾ ਕਿ ਉਸ ਨੇ ਆਪਣੇ ਪੁੱਤਰ ਹਰਜੀਤ ਨੂੰ ਅਮਰੀਕਾ ਭੇਜਣ ਲਈ ਆਪਣੀ ਦੋ ਏਕੜ ਜ਼ਮੀਨ ਵੇਚ ਦਿੱਤੀ ਸੀ ਅਤੇ ਉਸ ਨੂੰ 45 ਲੱਖ ਰੁਪਏ ਖ਼ਰਚ ਕੇ ਵਿਦੇਸ਼ ਭੇਜਿਆ ਸੀ।
ਪਰ ਅੱਜ, ਜਦੋਂ ਸਾਡੇ ਬੱਚੇ ਡਿਪੋਰਟ ਹੋ ਕੇ ਦੇਸ਼ ਵਾਪਸ ਆ ਰਹੇ ਹਨ ਤਾਂ ਸਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰੀਏ। ਅਸੀਂ ਆਪਣੀ ਜ਼ਮੀਨ ਵੀ ਵੇਚ ਦਿੱਤੀ ਹੈ। ਹੁਣ ਉਨ੍ਹਾਂ ਨੂੰ ਇਹ ਗੱਲ ਹੀ ਬਹੁਤ ਪਰੇਸ਼ਾਨ ਕਰ ਰਹੀ ਹੈ ਕਿ ਆਖ਼ਿਰ ਉਹ ਆਪਣਾ ਘਰ ਕਿਵੇਂ ਚਲਾਉਣਗੇ। ਉਨ੍ਹਾਂ ਇਸ ਮਾੜੇ ਸਮੇਂ 'ਚ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ- Australia ਤੋਂ ਆਈ ਮੰਦਭਾਗੀ ਖ਼ਬਰ ; ਟਰੱਕ ਪਲਟਣ ਕਾਰਨ ਪੰਜਾਬੀ ਨੌਜਵਾਨ ਦੀ ਹੋ ਗਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e