ਮਾਛੀਵਾੜਾ 'ਚ 1 ਕਿੱਲੋ ਅਫ਼ੀਮ ਸਮੇਤ 2 ਲੋਕ ਕਾਬੂ, ਵੱਖ-ਵੱਖ ਥਾਵਾਂ 'ਤੇ ਕਰਨੀ ਸੀ ਸਪਲਾਈ
Saturday, Jan 30, 2021 - 01:07 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵੱਲੋਂ ਇੱਕ ਕਿਲੋ ਅਫ਼ੀਮ ਸਮੇਤ ਸ਼ਹਿਰ ਦੇ ਫਲ ਵਿਕਰੇਤਾ ਸ਼ੰਕਰ ਕੁਮਾਰ ਅਤੇ ਖੰਨਾ ਸਬਜ਼ੀ ਮੰਡੀ ਦੇ ਆੜ੍ਹਤੀ ਰੋਹਿਤ ਸੇਠੀ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਰਸ਼ਨ ਲਾਲ ਚੌਧਰੀ ਅਤੇ ਬਲਦੇਵ ਰਾਜ ਨੇ ਦੱਸਿਆ ਕਿ ਪੁਲਸ ਵੱਲੋਂ ਮਾਛੀਵਾੜਾ ਦੇ ਮੁੱਖ ਚੌਂਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਪੈਦਲ ਆ ਰਹੇ 2 ਨੌਜਵਾਨ ਪੁਲਸ ਪਾਰਟੀ ਨੂੰ ਦੇਖ ਕੇ ਵਾਪਸ ਮੁੜਨ ਲੱਗੇ।
ਇਨ੍ਹਾਂ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਿਆ ਗਿਆ। ਜਾਂਚ ਦੌਰਾਨ ਇਨ੍ਹਾਂ ’ਚੋਂ ਇੱਕ ਵਿਅਕਤੀ ਨੇ ਆਪਣਾ ਨਾਮ ਸ਼ੰਕਰ ਕੁਮਾਰ ਵਾਸੀ ਮਾਛੀਵਾੜਾ ਦੱਸਿਆ, ਜਦੋਂ ਕਿ ਦੂਜੇ ਦੀ ਪਛਾਣ ਰੋਹਿਤ ਸੇਠੀ ਵਾਸੀ ਖੰਨਾ ਵਜੋਂ ਹੋਈ। ਇਨ੍ਹਾਂ ਕੋਲੋਂ ਹੱਥ ’ਚ ਫੜ੍ਹੇ ਲਿਫ਼ਾਫ਼ੇ ’ਚੋਂ 1 ਕਿੱਲੋ ਅਫ਼ੀਮ ਬਰਾਮਦ ਹੋਈ। ਪੁਲਸ ਵੱਲੋਂ ਇਨ੍ਹਾਂ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਸਹਾਇਕ ਥਾਣੇਦਾਰ ਦਰਸ਼ਨ ਲਾਲ ਚੌਧਰੀ ਨੇ ਦੱਸਿਆ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਅਫ਼ੀਮ ਕਿੱਥੋਂ ਲੈ ਕੇ ਆਏ ਅਤੇ ਇਲਾਕੇ ’ਚ ਕਿੱਥੇ-ਕਿੱਥੇ ਸਪਲਾਈ ਕਰਨੀ ਸੀ।
ਮਾਛੀਵਾੜਾ ਸ਼ਹਿਰ ਦੇ ਫਲ ਵਿਕਰੇਤਾ ਸ਼ੰਕਰ ਕੁਮਾਰ ਜਿਸ ਦਾ ਪਿਛੋਕੜ ਬਾਹਰਲੇ ਸੂਬੇ ਨਾਲ ਹੈ ਅਤੇ ਉਸ ਦੀ ਸ਼ਹਿਰ ’ਚ ਕਾਫ਼ੀ ਜਾਇਦਾਦ ਤੇ ਚੰਗਾ ਕਾਰੋਬਾਰ ਦੱਸਿਆ ਜਾ ਰਿਹਾ ਹੈ ਪਰ ਅਫ਼ੀਮ ਤਸਕਰੀ ਦੇ ਮਾਮਲੇ ’ਚ ਸ਼ਮੂਲੀਅਤ ਤੋਂ ਬਾਅਦ ਇਸ ਮਾਮਲੇ ਸਬੰਧੀ ਕਾਫ਼ੀ ਚਰਚਾਵਾਂ ਛਿੜੀਆਂ ਹੋਈਆਂ ਹਨ।