ਐਕਟਿਵਾ ਚੋਰੀ ਕਰਨ ਅਤੇ ਖ਼ਰੀਦਣ ਵਾਲੇ ਮੁਲਜ਼ਮ ਗ੍ਰਿਫ਼ਤਾਰ
Monday, Feb 10, 2025 - 02:08 PM (IST)
ਖਰੜ (ਅਮਰਦੀਪ) : ਥਾਣਾ ਸਿਟੀ ਪੁਲਸ ਨੇ ਐਕਟਿਵਾ ਚੋਰੀ ਕਰਨ ਵਾਲੇ ਅਤੇ ਚੋਰੀ ਦੀ ਐਕਟਿਵਾ ਖ਼ਰੀਦਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਿਟੀ ਦੇ ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਮੰਗਲਾ ਚੋਪੜਾ ਵੱਲੋਂ ਥਾਣਾ ਸਿਟੀ ਵਿਖੇ 24 ਜਨਵਰੀ ਨੂੰ ਦਰਖ਼ਾਸਤ ਦਿੱਤੀ ਗਈ ਸੀ ਕਿ ਜਦੋਂ ਉਹ ਮਾਤਾ ਗੁਜਰੀ ਐਵਨਿਊ ਭਾਗੋ ਮਾਜਰਾ ਵਿਖੇ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਰਾਸ਼ਨ ਲੈਣ ਗਈ ਸੀ। ਉਸ ਨੇ ਐਕਟਿਵਾ ਦੁਕਾਨ ਦੇ ਬਾਹਰ ਖੜ੍ਹੀ ਕੀਤੀ ਸੀ।
ਜਦੋਂ ਦੁਕਾਨ ਤੋਂ 15 ਮਿੰਟ ਬਾਅਦ ਬਾਹਰ ਆਈ ਤਾਂ ਉਸ ਦੀ ਐਕਟਿਵਾ ਚੋਰੀ ਹੋ ਚੁੱਕੀ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਹੈ ਕਿ ਅਜੇ ਠਾਕੁਰ ਨਾਂ ਦੇ ਵਿਅਕਤੀ ਨੇ ਉਸ ਦੀ ਐਕਟਿਵਾ ਚੋਰੀ ਕੀਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਜੇ ਠਾਕੁਰ ਉਰਫ਼ ਸ਼ਿਵਾ ਵਾਸੀ ਪਿੰਡ ਮਕੜੌਨਾ ਜੋਗਿੰਦਰ ਨਗਰ ਜ਼ਿਲ੍ਹਾ ਮੰਡੀ, ਹਾਲ ਵਾਸੀ ਖਰੜ ਨੂੰ ਦਰਪਣ ਗ੍ਰੀਨ ਦੇ ਪਾਰਕ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸ ਨੇ ਐਕਟਿਵਾ ਚਰਨਜੀਤ ਸ਼ਰਮਾ ਵਾਸੀ ਪਿੰਡ ਖਾਰਾ, ਜ਼ਿਲ੍ਹਾ ਮਾਨਸਾ, ਹਾਲ ਵਾਸੀ ਨੇੜੇ ਰਵਿਦਾਸ ਭਵਨ ਖ਼ਾਨਪੁਰ ਨੂੰ ਵੇਚਿਆ ਹੈ। ਪੁਲਸ ਨੇ ਚੋਰੀ ਦੀ ਐਕਟਿਵਾ ਖ਼ਰੀਦਣ ਵਾਲੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਕੇ ਐਕਟਿਵਾ ਬਰਾਮਦ ਕਰ ਲਈ। ਦੋਹਾਂ ਮੁਲਜ਼ਮਾਂ ਨੂੰ ਖਰੜ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨ ਦੀ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਸੁਣਾਏ ਹਨ।