ਸਮਝੌਤਾ ਕਰਵਾਉਣ ਲਈ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਪੁਲਸ ਮੁਲਾਜ਼ਮ ਸਣੇ 2 ਰੰਗੇ ਹੱਥੀਂ ਕਾਬੂ
Thursday, Nov 17, 2022 - 08:47 PM (IST)

ਅੰਮ੍ਰਿਤਸਰ (ਸਾਗਰ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਇਕ ਸੀਨੀਅਰ ਪੁਲਿਸ ਕਾਂਸਟੇਬਲ ਅਤੇ ਇਕ ਵਿਅਕਤੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਸਿਪਾਹੀ ਗੁਰਦੀਪ ਸਿੰਘ ਜੋ ਏ. ਸੀ. ਪੀ. ਪੂਰਬੀ ਅੰਮ੍ਰਿਤਸਰ ਦੇ ਦਫਤਰ ਵਿਚ ਨਾਇਬ ਰੀਡਰ ਵਜੋਂ ਤਾਇਨਾਤ ਹੈ, ਅਤੇ ਇਕ ਪ੍ਰਾਈਵੇਟ ਵਿਅਕਤੀ ਮਯੂਰ, ਵਾਸੀ ਕਰੀਮਪੁਰਾ, ਅੰਮ੍ਰਿਤਸਰ ਨੂੰ ਸੁੱਚਾ ਸਿੰਘ ਵਾਸੀ ਪ੍ਰਤਾਪ ਨਗਰ, ਅੰਮ੍ਰਿਤਸਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਹੈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚਕੇ ਦੋਸ਼ ਲਗਾਇਆ ਹੈ ਕਿ ਸਥਾਨਕ ਪੁਲਿਸ ਨੇ ਉਸ ਦੇ ਲੜਕੇ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੋਇਆ ਹੈ ਅਤੇ ਉਕਤ ਪੁਲਿਸ ਕਰਮਚਾਰੀ ਅਤੇ ਪ੍ਰਾਈਵੇਟ ਵਿਅਕਤੀ ਇਸ ਸਬੰਧ ਵਿਚ ਸ਼ਿਕਾਇਤਕਰਤਾ ਨਾਲ ਪੁਲਿਸ ਕੇਸ ਵਿਚ ਸਮਝੌਤਾ ਕਰਵਾਉਣ ਬਦਲੇ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਹੇ ਹਨ, ਪਰ ਸੌਦਾ 10,000 ਰੁਪਏ ਵਿੱਚ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਨਕੋਦਰ: ਪ੍ਰੇਮ ਜਾਲ 'ਚ ਫਸਾ ਕੇ ਕੁੜੀ ਨਾਲ ਬਣਾਏ ਸਰੀਰਕ ਸੰਬੰਧ, ਜਦ ਵਿਆਹ ਲਈ ਕਿਹਾ ਤਾਂ ਕੀਤਾ ਇਹ ਕਾਰਾ
ਪ੍ਰਾਪਤ ਸ਼ਿਕਾਇਤ ਦੇ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਕਤ ਪੁਲਿਸ ਮੁਲਾਜ਼ਮ ਅਤੇ ਪ੍ਰਾਈਵੇਟ ਵਿਅਕਤੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।