ਬੰਦੀ ਬਣਾ ਕੇ ਕਤਲ ਕਰਨ ਵਾਲੇ ਟ੍ਰੈਵਲ ਏਜੰਟ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ
Sunday, Feb 18, 2018 - 07:22 AM (IST)

ਹੁਸ਼ਿਆਰਪੁਰ (ਅਸ਼ਵਨੀ) - ਪੰਜਾਬ, ਗੁਜਰਾਤ ਤੇ ਬੰਗਲਾਦੇਸ਼ ਦੇ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਬੇਂਗਲੁਰੂ ਤੇ ਹੋਰ ਮਹਾਨਗਰਾਂ 'ਚ ਲਿਜਾ ਕੇ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਅਤੇ ਫਿਰੌਤੀ ਨਾ ਦੇਣ 'ਤੇ ਨੌਜਵਾਨਾਂ ਦਾ ਕਤਲ ਕਰਨ ਵਾਲੇ ਟ੍ਰੈਵਲ ਏਜੰਟ ਗਿਰੋਹ ਦੇ 2 ਮੈਂਬਰਾਂ ਨੂੰ ਜ਼ਿਲਾ ਪੁਲਸ ਨੇ ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਏਲੀਚੇਲਿਅਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ 'ਚ ਪਰਸ ਰਾਮ ਉਰਫ ਪਰਸਾ ਪੁੱਤਰ ਰਾਮ ਕੁਮਾਰ ਅਤੇ ਸੁਮਿਤ ਉਰਫ ਮਿੱਤੂ ਪੁੱਤਰ ਸੁਰੇਸ਼ ਕੁਮਾਰ ਦੋਵੇਂ ਵਾਸੀ ਖੇੜਾ ਖੇਮਾਵਤੀ, ਥਾਣਾ ਸਫੀਦੋ, ਜ਼ਿਲਾ ਜੀਂਦ, ਹਰਿਆਣਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਗ੍ਰਿਫ਼ਤਾਰ ਦੋਸ਼ੀਆਂ ਨੂੰ ਅੱਜ ਦਸੂਹਾ ਵਿਖੇ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਸ਼੍ਰੀਮਤੀ ਮਹਿਕ ਸੱਭਰਵਾਲ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨੂੰ 2 ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ। ਪੁਲਸ ਗ੍ਰਿਫ਼ਤਾਰ ਦੋਸ਼ੀਆਂ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਗਿਰੋਹ ਦੇ ਕਿੰਗ ਪਿਨ ਅਜੇ ਤੱਕ ਹਨ ਫਰਾਰ
ਉਨ੍ਹਾਂ ਦੱਸਿਆ ਕਿ ਗਿਰੋਹ ਦੇ ਕਿੰਗ ਪਿਨ ਰਹਿਮਾਨ ਤੇ ਜਾਰਜ ਮੁੰਬਈ, ਪਵਨ ਗਾਂਧੀ ਪਾਣੀਪਤ ਅਜੇ ਤੱਕ ਫਰਾਰ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਵੱਖ-ਵੱਖ ਥਾਵਾਂ 'ਤੇ ਭੇਜੀਆਂ ਗਈਆਂ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਧਾਰਾ 406, 420, 342, 386, 387 ਆਈ. ਪੀ. ਸੀ. ਤੇ ਅਸਲਾ ਐਕਟ ਦੀ ਧਾਰਾ 25-27-54-59 ਤੇ 13 ਪੰਜਾਬ ਟ੍ਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ ਤਹਿਤ ਥਾਣਾ ਟਾਂਡਾ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਗੋਬਿੰਦ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਲੰਮੇ, ਜ਼ਿਲਾ ਕਪੂਰਥਲਾ ਦੀ ਸ਼ਿਕਾਇਤ 'ਤੇ ਦਰਜ ਕੀਤਾ ਸੀ। ਸ਼ਿਕਾਇਤਕਰਤਾ ਨੇ ਕਿਹਾ ਸੀ ਕਿ ਉਸ ਦੇ ਜੀਜੇ ਸੁਰਿੰਦਰਪਾਲ ਪੁੱਤਰ ਸੇਵਾ ਸਿੰਘ ਵਾਸੀ ਕਲਿਆਣਪੁਰ ਨੂੰ ਟ੍ਰੈਵਲ ਏਜੰਟ ਹਰਮਿੰਦਰ ਸਿੰਘ ਸ਼ੈਲੀ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 3 ਦਸੰਬਰ 2017 ਨੂੰ ਉਸ ਦੇ ਜੀਜੇ ਦੀ ਕੈਨੇਡਾ ਲਈ ਫਲਾਈਟ ਬਾਰੇ ਦੱਸਿਆ ਸੀ। ਸ਼ੈਲੀ ਵੱਲੋਂ ਦਿੱਤੇ ਗਏ ਵੇਰਵੇ ਅਨੁਸਾਰ ਅੰਮ੍ਰਿਤਸਰ ਤੋਂ ਮੁੰਬਈ ਤੇ ਮੁੰਬਈ ਤੋਂ ਬੇਂਗਲੁਰੂ ਅਤੇ ਉਥੋਂ ਕੈਨੇਡਾ ਜਾਣਾ ਸੀ। ਸ਼ੈਲੀ ਉਸ ਦੇ ਜੀਜੇ ਨੂੰ ਕਲਿਆਣਪੁਰ ਤੋਂ ਆਪਣੇ ਨਾਲ ਲੈ ਗਿਆ ਸੀ। ਉਸ ਦੇ ਜੀਜੇ ਨੂੰ ਕੈਨੇਡਾ ਭੇਜਣ ਦੀ ਬਜਾਏ ਅਗਵਾ ਕਰ ਕੇ ਬੇਂਗਲੁਰੂ 'ਚ ਬੰਦੀ ਬਣਾ ਕੇ ਰੱਖ ਲਿਆ ਸੀ।
ਇਹ ਜਾਣਕਾਰੀ ਉਸ ਦੇ ਜੀਜੇ ਨਾਲ ਕੈਨੇਡਾ ਜਾਣ ਵਾਲੇ ਇਕ ਹੋਰ ਲੜਕੇ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਪਿੰਡ ਚੱਕ ਸ਼ਰੀਫ ਜ਼ਿਲਾ ਗੁਰਦਾਸਪੁਰ ਨੇ ਦਿੱਤੀ ਸੀ। ਮਨੀ ਨੂੰ ਉਸ ਦੇ ਪਰਿਵਾਰ ਵਾਲਿਆਂ ਕੋਲੋਂ 22 ਲੱਖ ਰੁਪਏ ਦੀ ਰਾਸ਼ੀ ਲੈ ਕੇ ਦੋਸ਼ੀਆਂ ਨੇ ਛੱਡ ਦਿੱਤਾ ਸੀ। ਮਨੀ ਨੇ ਦੱਸਿਆ ਕਿ ਸੁਰਿੰਦਰ ਵੀ ਅਗਵਾਕਾਰਾਂ ਦੇ ਕਬਜ਼ੇ ਵਿਚ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੁਰਿੰਦਰਪਾਲ ਦੀ ਬੇਂਗਲੁਰੂ ਵਿਚ ਹੱਤਿਆ ਕਰ ਦਿੱਤੀ ਗਈ ਸੀ ਤੇ ਥਾਣਾ ਰਾਮਨਗਰ ਬੈਂਗਲੂਰ ਵਿਚ ਪੁਲਸ ਨੇ ਧਾਰਾ 302, 201 ਤਹਿਤ ਕੇਸ ਦਰਜ ਕੀਤਾ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਅਨੁਸਾਰ ਸੁਰਿੰਦਰਪਾਲ ਸਿੰਘ ਦੀ ਹੱਤਿਆ ਇਸ ਲਈ ਕੀਤੀ ਗਈ, ਕਿਉਂਕਿ ਉਸ ਨੇ ਆਪਣੇ ਘਰ ਵਾਲਿਆਂ ਨੂੰ ਫਿਰੌਤੀ ਦੀ ਰਕਮ ਭੇਜਣ ਲਈ ਟੈਲੀਫੋਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਪਰਸ ਰਾਮ ਤੇ ਸੁਮਿਤ ਨੇ ਕਾਲਾ, ਭਾਈਜਾਨ, ਮੁਨੀਸ਼ ਆਦਿ ਨਾਲ ਮਿਲ ਕੇ ਉਸ ਦੀ ਹੱਤਿਆ ਕਰਨ ਤੋਂ ਬਾਅਦ ਇਟੀਅਸ ਕਾਰ 'ਚ ਲਾਸ਼ ਪਾ ਕੇ ਝਾੜੀਆਂ ਵਿਚ ਸੁੱਟ ਦਿੱਤੀ ਸੀ ਜਿਸ ਵਾਸਤੇ ਉਨ੍ਹਾਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ। ਉਕਤ ਵਿਅਕਤੀਆਂ ਨੇ ਗੁਹਾਟੀ ਵਿਖੇ ਵੀ ਲੋਕਾਂ ਨੂੰ ਬੰਦੀ ਬਣਾ ਕੇ ਰੱਖਣ ਲਈ ਟਿਕਾਣੇ ਬਣਾਏ ਹੋਏ ਹਨ। ਇਨ੍ਹਾਂ ਖਿਲਾਫ਼ ਥਾਣਾ ਬਲਦੇਵ ਨਗਰ ਅੰਬਾਲਾ ਸਿਟੀ 'ਚ ਵੀ ਇਕ ਕੇਸ 2017 'ਚ ਦਰਜ ਹੋਇਆ ਸੀ।
ਹੁਣ ਤੱਕ ਬਣਾ ਚੁੱਕੇ ਨੇ 10-11 ਵਿਅਕਤੀਆਂ ਨੂੰ ਨਿਸ਼ਾਨਾ
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਦੱਸਿਆ ਕਿ ਹੁਣ ਤੱਕ ਗੁਜਰਾਤ, ਬੰਗਲਾਦੇਸ਼ ਤੇ ਪੰਜਾਬ ਦੇ 10-11 ਵਿਅਕਤੀਆਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ ਜਦਕਿ 2 ਬੰਦੀਆਂ ਨੂੰ ਫਿਰੌਤੀ ਮਿਲਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਦੋਸ਼ੀਆਂ ਨੇ ਪੰਜਾਬ ਤੋਂ ਬੰਦੀ ਬਣਾਏ ਗਏ ਪਰਿਵਾਰਾਂ ਦੇ ਲੋਕਾਂ ਕੋਲੋਂ 2 ਕਰੋੜ ਦੀ ਫਿਰੌਤੀ ਵਸੂਲ ਕੀਤੇ ਜਾਣ ਦੀ ਗੱਲ ਮੰਨੀ ਹੈ। ਇਸ ਮੌਕੇ ਉਨ੍ਹਾਂ ਨਾਲ ਐੱਸ. ਪੀ. ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ, ਡੀ. ਐੱਸ. ਪੀ. ਦਸੂਹਾ ਉਪ ਮੰਡਲ ਰਜਿੰਦਰ ਸ਼ਰਮਾ ਵੀ ਮੌਜੂਦ ਸਨ।