ਪੈਲੇਸ ਦੇ ਬਾਹਰ ਖੜ੍ਹੀ ਗੱਡੀ ''ਚੋਂ 2.77 ਲੱਖ ਦੀ ਨਕਦੀ ਤੇ 32 ਬੋਰ ਦਾ ਪਿਸਤੌਲ ਉਡਾਇਆ
Sunday, Feb 18, 2018 - 05:45 AM (IST)

ਅੰਮ੍ਰਿਤਸਰ, (ਸੰਜੀਵ)- ਕੁਝ ਹੀ ਮਿੰਟਾਂ 'ਚ ਲੁਟੇਰੇ ਇਨੋਵਾ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿਚ ਪਈ 2. 77 ਲੱਖ ਰੁਪਏ ਦੀ ਨਕਦੀ ਤੇ 32 ਬੋਰ ਦੇ ਲਾਇਸੈਂਸੀ ਰਿਵਾਲਵਰ ਨਾਲ 12 ਜ਼ਿੰਦਾ ਕਾਰਤੂਸ ਉਡਾ ਕੇ ਲੈ ਗਏ। ਲੁਟੇਰਿਆਂ ਨੇ ਇਸ ਵਾਰਦਾਤ ਨੂੰ ਕਰੀਬ 25 ਮਿੰਟਾਂ ਵਿਚ ਅੰਜਾਮ ਦਿੱਤਾ। ਜਦੋਂ ਤੱਕ ਇਨੋਵਾ ਗੱਡੀ ਦਾ ਮਾਲਕ ਰਮਿੰਦਰਬੀਰ ਸਿੰਘ ਗਿੱਲ ਫਾਰਮ ਦੇ ਬਾਹਰ ਗੱਡੀ ਖੜ੍ਹੀ ਕਰ ਕੇ ਵਿਆਹ ਸਮਾਰੋਹ 'ਚ ਆਪਣੇ ਦੋਸਤ ਨੂੰ ਸ਼ਗਨ ਪਾ ਕੇ ਵਾਪਸ ਆਇਆ ਉਦੋਂ ਤੱਕ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਚਾਟੀਵਿੰਡ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਜਾਂਚ ਉਪਰੰਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਕੀ ਕਹਿਣਾ ਹੈ ਰਮਿੰਦਰਬੀਰ ਦਾ : ਰਮਿੰਦਰਬੀਰ ਦਾ ਕਹਿਣਾ ਹੈ ਕਿ ਉਹ ਪਿੰਡ ਨੌਸ਼ਹਿਰਾ ਢਾਲਾਂ 'ਚ ਦੁੱਧ ਦੀ ਡੇਅਰੀ ਦਾ ਕੰਮ ਕਰਦਾ ਹੈ। ਪਿਛਲੇ ਦਿਨੀਂ 16 ਫਰਵਰੀ ਨੂੰ ਉਹ 2:30 ਵਜੇ ਦੇ ਕਰੀਬ ਬੈਂਕ ਤੋਂ ਕੈਸ਼ ਕਢਵਾਉਣ ਲਈ ਗਿਆ, ਜਿਸ ਕਾਰਨ ਉਹ ਆਪਣਾ ਪਿਸਤੌਲ ਨਾਲ ਲੈ ਗਿਆ ਸੀ। ਜੰਡਿਆਲਾ ਸਥਿਤ ਕਾਰਪੋਰੇਸ਼ਨ ਬੈਂਕ ਤੋਂ ਕੈਸ਼ ਕਢਵਾ ਕੇ ਆਪਣੇ ਦੋਸਤ ਦੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਆ ਗਿਆ, ਜਿਥੇ ਹਥਿਆਰ ਲਿਜਾਣ 'ਤੇ ਰੋਕ ਕਾਰਨ ਉਹ ਆਪਣਾ ਪਿਸਤੌਲ ਪੈਸਿਆਂ ਵਾਲੇ ਬੈਗ ਨਾਲ ਗੱਡੀ 'ਚ ਹੀ ਛੱਡ ਗਿਆ, ਜਿਵੇਂ ਹੀ ਆਪਣੇ ਦੋਸਤ ਨੂੰ ਸ਼ਗਨ ਪਾ ਕੇ ਗਿੱਲ ਫਾਰਮ ਤੋਂ ਬਾਹਰ ਨਿਕਲ ਕੇ ਗੱਡੀ ਕੋਲ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਗੱਡੀ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਉਸ ਵਿਚ ਪਿਆ ਨਕਦੀ ਅਤੇ ਪਿਸਤੌਲ ਵਾਲਾ ਬੈਗ ਚੋਰੀ ਹੋ ਚੁੱਕਾ ਸੀ, ਜਿਸ 'ਤੇ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਟੋਲ ਪਲਾਜ਼ਾ ਅਤੇ ਬੈਂਕ ਤੋਂ ਕਢਵਾਈ ਸੀ. ਸੀ. ਟੀ. ਵੀ. ਫੁਟੇਜ : ਕੇਸ ਦਰਜ ਕਰਨ ਉਪਰੰਤ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਜੰਡਿਆਲਾ ਸਥਿਤ ਬੈਂਕ ਅਤੇ ਮਾਨਾਂਵਾਲਾ ਟੋਲ ਪਲਾਜ਼ਾ ਜਿਥੋਂ ਰਮਿੰਦਰਬੀਰ ਦੀ ਗੱਡੀ ਲੰਘੀ ਸੀ, ਤੋਂ ਸੀ. ਸੀ. ਟੀ. ਵੀ. ਫੁਟੇਜ ਕਢਵਾ ਲਈ ਗਈ ਹੈ। ਪੁਲਸ ਨੂੰ ਸ਼ੱਕ ਹੈ ਕਿ ਲੁਟੇਰੇ ਬੈਂਕ ਤੋਂ ਹੀ ਰਮਿੰਦਰ ਦਾ ਪਿੱਛਾ ਕਰ ਰਹੇ ਸਨ ਅਤੇ ਜਿਵੇਂ ਹੀ ਉਹ ਗੱਡੀ ਖੜ੍ਹੀ ਕਰ ਕੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਗਿਆ, ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਗੱਡੀ 'ਚੋਂ ਚੋਰੀ ਕੀਤੇ ਬੈਗ ਵਿਚ ਰਮਿੰਦਰਬੀਰ ਦਾ ਇਕ ਮੋਬਾਇਲ ਵੀ ਸੀ, ਜਿਸ ਦੀ ਟਾਵਰ ਲੋਕੇਸ਼ਨ ਰਾਤ ਤੱਕ ਦਬੁਰਜੀ ਖੇਤਰ ਦੀ ਆ ਰਹੀ ਸੀ, ਜੋ ਦੇਰ ਰਾਤ ਮੋਬਾਇਲ ਸਵਿਚ ਆਫ ਹੋਣ 'ਤੇ ਬੰਦ ਹੋ ਗਈ।
ਜਲਦ ਹੀ ਮਾਮਲੇ ਨੂੰ ਸੁਲਝਾ ਕੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ : ਐੱਸ. ਐੱਸ. ਪੀ. : ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ. ਫੁਟੇਜ ਅਤੇ ਮੋਬਾਇਲ ਲੋਕੇਸ਼ਨ ਦੇ ਆਧਾਰ 'ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਤਲਾਸ਼ ਚੱਲ ਰਹੀ ਹੈ। ਬਹੁਤ ਛੇਤੀ ਇਸ ਮਾਮਲੇ ਨੂੰ ਸੁਲਝਾ ਕੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।