84 ਨਾਮਾ: ''ਬਹਿ ਗਿਆ ਚਿੱਕੜ ਦੇ ਵਿੱਚ ਦਾਮਨ ਲਬੇੜ ਕੇ''

Sunday, Nov 07, 2021 - 05:39 PM (IST)

84 ਨਾਮਾ: ''ਬਹਿ ਗਿਆ ਚਿੱਕੜ ਦੇ ਵਿੱਚ ਦਾਮਨ ਲਬੇੜ ਕੇ''

"ਮੈਂ ਨਰਿੰਦਰ ਕੌਰ ਪਤਨੀ ਰਾਜ ਕੁਮਾਰ ਪਿੰਡ ਚੱਕ ਮੁਗਲਾਣੀ ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਤੋਂ ਬੋਲਦੀ ਪਈ ਵਾਂ। ਵੈਸੇ ਮੇਰੇ ਪੇਕਿਆਂ ਦਾ ਪਿੰਡ ਢਾਡੀ ਅਜੀਤ ਸਿੰਘ ਵਾਲਾ ਨਵਾਂ ਪਿੰਡ ਦੋਨਾਂ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਐ। ਰੌਲਿਆਂ ਤੋਂ ਪਹਿਲਾਂ ਹੀ ਮੇਰੇ ਬਾਬਾ ਜੀ, ਸ:ਇੰਦਰ ਸਿੰਘ ਸੰਮੀ ਦਿੱਲੀ ਆਬਾਦ ਸਨ। ਇਨ੍ਹਾਂ ਦੇ ਅੱਗੋਂ ਚਾਰ ਪੁੱਤਰਾਂ ’ਚੋਂ ਵੱਡੇ ਬੇਟੇ ਪ੍ਰੀਤਮ ਸਿੰਘ ਦੀ ਬੇਟੀ ਆਂ ਮੈਂ। 84 ਵਿਆਂ ’ਚ 3 ਭੈਣਾਂ ਅਤੇ ਇਕ ਭਰਾ, ਸਭਨਾਂ ਤੋਂ ਵੱਡੀ, ਮੈਂ 21ਵੇਂ ਸਾਲ ਵਿੱਚ ਸਾਂ। 
31ਅਕਤੂਬਰ ਨੂੰ ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਸੁਣੀ ਤਾਂ ਇਹ ਇਲਮ ਨਹੀਂ ਸੀ ਕਿ ਹਾਲਾਤ ਇਸ ਕਦਰ ਵਿਗੜ ਜਾਣਗੇ। ਇਕ ਨਵੰਬਰ ਨੂੰ ਸਵੇਰੇ 11ਕੁ ਵਜੇ ਦਾ ਸਮਾਂ ਹੋਏਗਾ ਕਿ ਪਿਤਾ ਜੀ ਆਪਣੀ ਫ਼ੈਕਟਰੀ ਨੂੰ ਜਾਣ ਲਈ ਘਰੋਂ ਮੋਟਰਸਾਈਕਲ ’ਤੇ ਨਿਕਲ ਹੀ ਰਹੇ ਸਾਂ ਕਿ ਇਕ ਤਲਵਾਰਾਂ,ਬਰਛਿਆਂ ਅਤੇ ਪੈਟਰੋਲ ਦੀਆਂ ਬੋਤਲਾਂ ਨਾਲ ਲੈੱਸ ਹੁੜਦੰਗ ਮਚਾਉਂਦੀ ਭੀੜ ਸਾਡੇ ਵਿਹੜੇ ’ਚ ਘੁਸ ਆਈ। ਇਵੇਂ ਭਾਸਦਾ ਸੀ ਜਿਵੇਂ ਕੋਈ ਸਥਾਨਕ ਮੁਹੱਲਾ ਨਿਵਾਸੀ ਸਿੱਖ ਕਿਆਂ ਦੇ ਘਰ‌ ਦੱਸਣ ਲਈ ਉਨ੍ਹਾਂ ਦੀ ਅਗਵਾਈ ਕਰ ਰਿਹਾ ਹੋਏ। ਪਿਤਾ ਜੀ ਨੇ ਮੋਟਰਸਾਈਕਲ ਸਟਾਰਟ ਕਰਨ ਲਈ 4-5 ਕਿੱਕਾਂ ਮਾਰੀਆਂ ਪਰ ਉਹ ਸਟਾਰਟ ਨਾ ਹੋਏ। ਜਿਵੇਂ ਹੋਣੀ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਹੋਏ।

ਇਹ ਵੀ ਪੜ੍ਹੋਭਗਵੰਤ ਮਾਨ ਦਾ ਖ਼ੁਲਾਸਾ, ਦੱਸਿਆ ਕਿਉਂ ਦਿੱਲੀ ਹਵਾਈ ਅੱਡੇ ਨਹੀਂ ਜਾਂਦੀਆਂ ਪੰਜਾਬ ਸਰਕਾਰ ਦੀਆਂ ਬੱਸਾਂ (ਵੀਡੀਓ)

ਤਦੋਂ ਹੀ ਉਹ ਭੜਕੀ ਭੀੜ ਸਾਡੇ ਵਿਹੜੇ ਆਣ ਖੜੀ। ਪਿਤਾ ਜੀ ਦੇ ਢਿੱਡ ਵਿੱਚ ਕਿਰਚਾਂ ਮਾਰੀਆਂ ਉਨ੍ਹਾਂ! ਮੋਟਰਸਾਈਕਲ ਦੇ ਉਪਰ ਹੀ ਪਿਤਾ ਜੀ ਨੂੰ ਸੁੱਟ, ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ, ਜ਼ਾਲਮਾਂ। ਮੇਰੇ ਮਾਤਾ ਅਵਤਾਰ ਕੌਰ, ਜੋ ਪਿੱਛਿਓਂ ਹਜ਼ਾਰਾ-ਜਲੰਧਰ ਤੋਂ ਸਨ, ਜਿਉਂ ਹੀ ਉਹ ਪਿਤਾ ਜੀ ਦੇ ਬਚਾਅ ਲਈ ਗਏ ਤਾਂ ਉਸ ਨੂੰ ਜਿਊਂਦਿਆਂ ਹੀ ਬਲਦੇ ਪਿਤਾ ਜੀ ਉਪਰ ਸੁੱਟ ਦਿੱਤਾ ਗਿਆ। ਇਹੀ ਨਹੀਂ ਘਰ ਦਾ ਹਲਕਾ ਫੁਲਕਾ ਸਮਾਨ ਜੋ ਵੀ ਉਨ੍ਹਾਂ ਤੋਂ ਚੁੱਕ ਹੋਇਆ, ਉਹ ਵੀ ਉਨ੍ਹਾਂ ਮਾਤਾ ਪਿਤਾ ਉਪਰ ਵਗਾਹ ਮਾਰਿਆ। ਸੋ ਉਨ੍ਹਾਂ ਨਕਦੀ, ਗਹਿਣੇ ਜਾਂ ਹੋਰ ਕੀਮਤੀ ਸਮਾਨ ਹੱਥ ਲੱਗਾ ਉਹ ਵੀ ਸਾਂਭ ਲਿਆ।

ਤਦੋਂ ਅਸੀਂ ਸਾਰੇ ਭੈਣ ਭਰਾ ਘਰ ’ਚ ਹੀ ਮੌਜੂਦ ਸਾਂ। ਜਾਨ ਲਕਾਉਣ ਲਈ ਅਸੀਂ 2 ਘੰਟੇ ਪੇਟੀਆਂ ਸੰਦੂਕਾਂ ਥੱਲੇ ਹੀ ਲੁਕੇ ਰਹੇ। ਅਫ਼ਸੋਸ ਕਿ ਉਸ ਭਿਆਨਕ ਸਮੇਂ ’ਚ ਅਸੀਂ ਬੇਬਸ ਬਲ਼ ਰਹੇ ਮਾਂ ਬਾਪ ਦਾ ਕੋਈ ਬਚਾਅ ਨਾ ਕਰ ਸਕੇ। ਦੋ ਘੰਟੇ ਬਾਅਦ ਮੈਂ ਮਾਪਿਆਂ ਦੀ ਬਲ਼ਦੀ ਚਿਖਾ ਦੁਆਲੇ ਦੁਹੱਥੜ ਮਾਰ-ਮਾਰ ਸਹਾਇਤਾ ਲਈ ਭੁੱਬੀਂ ਰੋਂਦੀ, ਸਿਵੇ ਦੀ ਅੱਗ ਸੇਕਦੀ ਰਹੀ ਪਰ ਕੋਈ ਆਂਢ-ਗੁਆਂਢ ਨਾ ਬਹੁੜਿਆ।

ਇਹ ਵੀ ਪੜ੍ਹੋਹੈਰਾਨੀਜਨਕ : ‘ਫੈਂਟਨੀਅਲ’ ਦੀ ਓਵਰਡੋਜ਼ ਨਾਲ ਅਮਰੀਕਾ ’ਚ ਹੋਈਆਂ 61,000 ਮੌਤਾਂ

ਸਾਡੇ ਮੁਹੱਲੇ ਜਗਤ ਪੁਰੀ-ਸਾਹਦਰਾ ’ਚ ਸਾਡੇ ਆਂਢ-ਗੁਆਂਢ ਹੀ ਦੰਗਾਈਆਂ ਨੇ ਕੋਈ 20-25 ਸਿੱਖ ਮਰਦ/ਔਰਤਾਂ ਨੂੰ ਉਵੇਂ ਹੀ ਕੋਹ ਕੋਹ ਮਾਰਿਆ ਉਨ੍ਹਾਂ। ਜਿੱਥੇ ਘਰਾਂ ਦੇ ਅੰਦਰ ਬਾਹਰ ਖ਼ੂਨ ਦੇ ਛੱਪੜ ਲੱਗੇ ਦੇਖੇ ਉਥੇ ਨਾਲੀਆਂ ’ਚ ਖ਼ੂਨ ਵੀ ਵਹਿੰਦਾ ਦੇਖਿਆ ਅਸਾਂ। ਚਾਚਿਆਂ ਤਾਈਂ ਇਤਲਾਹ ਹੋਈ ਤਾਂ ਉਨ੍ਹਾਂ ਫ਼ੈਕਟਰੀ ’ਚੋਂ 5-6 ਮੋਨੇ ਕਰਮੀ ਬੁਲਾ ਕੇ ਸ਼ਾਮ ਢਲੇ, ਕੱਚੀਆਂ ਸੜੀਆਂ ਹੱਡੀਆਂ ਕਢਵਾ ਕੇ, ਸਸਕਾਰ ਕਰਵਾ ਦਿੱਤਾ।ਹਨੇਰ ਪੱਸਰੇ 'ਤੇ ਕੋਠੇ ਉਪਰ ਸਿਖ਼ਰ ਚੜੀ ਤਾਂ ਦੂਰ ਤੱਕ ਅੱਗ  ਅਤੇ ਧੂਏਂ ਦੇ ਗੁਬਾਰ ਉਠਦੇ ਦੇਖਦੀ ਆਂ। ਕਿਧਰੋਂ ਪੱਥਰ ਚੀਰ ਜਾਣ ਵਾਲੇ ਕੀਰਨੇ ਭਿਆਨਕ ਹੋਣੀ ਦਾ ਸੰਕੇਤ ਦਿੰਦੇ ਨੇ। ਜਿਵੇਂ ਪਰਲੋ ਆ ਗਈ ਹੋਏ।ਚਾਰ ਦਿਨ ਅਸਾਂ ਚੁੱਲ੍ਹੇ ਵਿੱਚ ਅੱਗ ਨਾ ਬਾਲੀ।

ਇਹ ਵੀ ਪੜ੍ਹੋ: ਵਿਅੰਗ: ਰਾਜਨੀਤੀ 'ਚ ਮਕਬੂਲ ਹੋ ਰਿਹੈ ਨਵਾਂ ਸ਼ਬਦ 'ਮਿਸਗਾਈਡਡ ਮਿਜ਼ਾਈਲ'

ਪੰਜਵੇਂ ਦਿਨ ਮਿਲਟਰੀ ਦਾ ਟਰੱਕ ਆਇਆ ਜੋ ਸਾਨੂੰ ਸ਼ਾਮ ਲਾਲ ਕਾਲਜ-ਸਾਹਦਰਾ ’ਚ ਦੰਗਾ ਪੀੜਤਾਂ ਦੇ ਕੈਂਪ ’ਚ ਛੱਡ ਆਏ। ਰਸਤੇ 'ਚ ਸਿੱਖ ਕਿਆਂ ਦੀਆਂ, ਗਲ਼ ਟੈਰ ਪਾਏ ਸੜੀਆਂ ਲਾਸ਼ਾਂ ਅਤੇ ਦੁਕਾਨਾਂ ਤਬਾਹੀ ਦੀ ਗਵਾਹੀ ਭਰ ਰਹੀਆਂ ਸਨ। 11-12 ਦਿਨ ਬਾਅਦ ਕੁੱਝ ਠੰਢ ਵਰਤਣ ’ਤੇ ਅਸੀਂ ਮੁੜ ਘਰ ਪਰਤ ਆਏ। ਚਾਚਿਆਂ ਤਾਇਆਂ ਹੀ ਸਾਡੀ ਮਦਦ ਅਤੇ ਅਗਵਾਈ ਕੀਤੀ। ਇਹੀ ਨਹੀਂ ਸਾਰੀ ਕਬੀਲਦਾਰੀ ਵੀ ਉਨ੍ਹਾਂ ਮੋਹਰੇ ਹੋ ਕੇ ਨਿਜਿੱਠੀ। ਹਾਂ ਤਦੋਂ, ਘਰ ਲੁੱਟਿਆ ਪੁੱਟਿਆ ਤੇ ਨੁਕਸਾਨਿਆ ਹੋਇਆ ਸੀ। ਕਾਫ਼ੀ ਮੁਹੱਲਾ ਵਾਸੀ ਅਫ਼ਸੋਸ ਲਈ ਆਏ। ਉਨ੍ਹਾਂ ਵਿੱਚ ਉਹ ਵੀ ਸ਼ਾਮਲ ਸਨ, ਜਿਨ੍ਹਾਂ ’ਤੇ ਸਾਨੂੰ ਸ਼ੰਕਾ ਸੀ ਕਿ ਉਸ ਉਠੇ ਤੁਫ਼ਾਨ ’ਚ ਉਨ੍ਹਾਂ ਦੀ ਮਿਲੀ ਭੁਗਤ ਸੀ। ਤਾਂ ਸਾਨੂੰ ਜ਼ਿਆਦਾ ਔਖਿਆਈ ਮਹਿਸੂਸ ਹੋਈ। ਅਖੇ-

'ਆਪੇ ਹੀ ਲਾਕੇ ਫੱਟ ਫਿਰ ਆਇਆ ਸੀ ਖ਼ਬਰ ਨੂੰ,
ਤੁਰ ਗਿਆ ਜ਼ਖ਼ਮਾਂ ਨੂੰ ਹੋਰ ਉਚੇੜ ਕੇ।
ਕਮੀਨੇ ਵਾਰ ਕਰਕੇ ਕੀ ਮਿਲਿਆ ਸ਼ਰੀਕ ਨੂੰ,
ਬਹਿ ਗਿਆ ਚਿੱਕੜ ਦੇ ਵਿੱਚ ਦਾਮਨ ਲਬੇੜ ਕੇ।"

ਲੇਖਕ:ਸਤਵੀਰ ਸਿੰਘ ਚਾਨੀਆਂ
92569-73526

ਨੋਟ : ਇਸ ਆਰਟੀਕਲ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News